ਬੋਦਰਲੀ, 23 ਨਵੰਬਰ
ਮੱਧ ਪ੍ਰਦੇਸ਼ ‘ਚ ਅੱਜ ਸਵੇਰੇ ‘ਭਾਰਤ ਜੋੜੋ ਯਾਤਰਾ’ ਦਾ ਆਗਾਜ਼ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਦਿਲਾਂ ਵਿੱਚ ਡਰ ਫੈਲਾਉਂਦੀ ਹੈ ਅਤੇ ਫਿਰ ਇਸ ਨੂੰ ਹਿੰਸਾ ਵਿੱਚ ਤਬਦੀਲ ਕਰਦੀ ਹੈ। ਰਾਹੁਲ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਮਹਾਰਾਸ਼ਟਰ ਵਿੱਚੋਂ ਲੰਘਣ ਤੋਂ ਬਾਅਦ ਬੁਰਹਾਨਪੁਰ ਜ਼ਿਲ੍ਹੇ ਦੇ ਬੋਦਰਲੀ ਪਿੰਡ ਤੋਂ ਮੱਧ ਪ੍ਰਦੇਸ਼ ਵਿੱਚ ਦਾਖਲ ਹੋਈ, ਜਿਸ ਨੂੰ ‘ਦੱਖਣ ਦੇ ਗੇਟਵੇ’ ਵਜੋਂ ਜਾਣਿਆ ਜਾਂਦਾ ਹੈ।
ਇਸ ਮੌਕੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ, ਸਾਬਕਾ ਕੇਂਦਰੀ ਮੰਤਰੀ ਦਿਗਵਿਜੈ ਸਿੰਘ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ।