ਨਵੀਂ ਦਿੱਲੀ, 29 ਸਤੰਬਰ
ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਮੌਜੂਦਾ ਵਰ੍ਹੇ 10 ਲੱਖ ਗੈਰ-ਪਰਵਾਸੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਕਿਹਾ ਹੈ ਕਿ ਭਾਰਤੀ ਹੁਣ ਦੁਨੀਆ ਭਰ ਦੇ ਸਾਰੇ ਵੀਜ਼ਾ ਬਨਿੈਕਾਰਾਂ ਵਿੱਚੋਂ 10 ਫ਼ੀਸਦ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ। ਇਨ੍ਹਾਂ ’ਚ ਸਟੂਡੈਂਟ ਵੀਜ਼ਾ ਬਨਿੈਕਾਰਾਂ ਵਿੱਚੋਂ 20 ਪ੍ਰਤੀਸ਼ਤ ਅਤੇ ਐੱਚਐਂਡਐੱਲ ਸ਼੍ਰੇਣੀ (ਰੁਜ਼ਗਾਰ) ਦੇ 65 ਫ਼ੀਸਦ ਬਨਿੈਕਾਰ ਸ਼ਾਮਲ ਹਨ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਨਿੱਜੀ ਤੌਰ ’ਤੇ ਇੱਕ ਜੋੜੇ ਨੂੰ 10 ਲੱਖਵਾਂ ਵੀਜ਼ਾ ਸੌਂਪਿਆ, ਜੋ ਐੱਮਆਈਟੀ ਵਿੱਚ ਆਪਣੇ ਪੁੱਤਰ ਦੇ ਗ੍ਰੈਜੂਏਸ਼ਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਿਹਾ ਹੈ। ਲੇਡੀ ਹਾਰਡਿੰਗ ਕਾਲਜ ਦੀ ਸੀਨੀਅਰ ਸਲਾਹਕਾਰ ਡਾਕਟਰ ਰੰਜੂ ਸਿੰਘ ਨੂੰ ਅਮਰੀਕੀ ਦੂਤਘਰ ਤੋਂ ਇਸ ਸਾਲ ਦਾ 10 ਲੱਖਵਾਂ ਵੀਜ਼ਾ ਮਿਲਣ ਦੀ ਈਮੇਲ ਆਉਣ ’ਤੇ ਉਹ ਬਹੁਤ ਖੁਸ਼ ਹੋਈ।