ਨਵੀਂ ਦਿੱਲੀ, 28 ਨਵੰਬਰ

ਭਾਰਤੀ ਮੁੱਕੇਬਾਜ਼ ਉਰਵਸ਼ੀ ਸਿੰਘ ਨੇ ਕੋਲੰਬੋ ਵਿੱਚ 10 ਗੇੜ ਦੇ ਮੁਕਾਬਲੇ ਵਿੱਚ ਥਾਈਲੈਂਡ ਦੀ ਕੌਮੀ ਚੈਂਪੀਅਨ ਥਾਨਚਾਨੋਕ ਫਾਨਨ ਨੂੰ ਹਰਾ ਕੇ ਡਬਲਿਊਬੀਸੀ ਕੌਮਾਂਤਰੀ ਸੁਪਰ ਬੈਂਥਮਵੇਟ ਅਤੇ ਡਬਲਿਊਬੀਸੀ ਏਸ਼ੀਆ ਸਿਲਵਰ ਕਰਾਊਨ ਦੇ ਖ਼ਿਤਾਬ ਆਪਣੇ ਨਾਂ ਕੀਤੇ। ਉਰਵਸ਼ੀ ਨੇ ਐਤਵਾਰ ਰਾਤ ਨੂੰ ਹੋਏ ਮੁਕਾਬਲੇ ਵਿੱਚ ਥਾਨਚਾਨੋਕ ਨੂੰ ਸਰਬਸੰਮਤੀ ਵਾਲੇ ਫੈਸਲੇ ਨਾਲ ਹਰਾਇਆ।

ਇਸੇ ਦੌਰਾਨ ਥਾਈਲੈਂਡ ਦੀ ਖਵਾਂਚਿਤ ਖੁਨਿਆ ਦੇ ਜ਼ਖ਼ਮੀ ਹੋਣ ਕਾਰਨ ਦੂਜੇ ਗੇੜ ’ਚ ਬਾਹਰ ਹੋ ਜਾਣ ਕਰ ਕੇ ਸਾਬਕਾ ਐਮਚਿਓਰ ਯੂਥ ਵਿਸ਼ਵ ਚੈਂਪੀਅਨ ਸਰਜੂ ਬਾਲਾ ਦੇਵੀ ਨੇ ਫਲਾਈਵੇਟ ਦਾ ਖਿਤਾਬ ਜਿੱਤਿਆ। ਭਾਰਤੀ ਮੁੱਕੇਬਾਜ਼ ਅਵਿਕਾਸ ਤਾਰਾਚੰਦ ਨੇ ਸ੍ਰੀਲੰਕਾ ਦੇ ਕੌਮੀ ਚੈਂਪੀਅਨ ਲਾਸਿੰਦੂ ਐਰਾਂਡਾ ਨੂੰ ਹਰਾ ਕੇ ਲਾਈਟਵੇਟ ਵਰਗ ਦਾ ਖਿਤਾਬ ਜਿੱਤਿਆ।