ਨਿਊਯਾਰਕ, 18 ਅਕਤੂਬਰ

ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਹੈ ਕਿ ਭਾਰਤੀ ਅਰਥਚਾਰਾ ਮਜ਼ਬੂਤੀ ਨਾਲ ਲੀਹ ’ਤੇ ਆ ਰਿਹਾ ਹੈ ਅਤੇ ਘਰੇਲੂ ਉਤਪਾਦਨ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਉਤਪਾਦਨ ਵੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੁਧਾਰਾਂ ਨੇ ਦੇਸ਼ ’ਚ ਕਾਰੋਬਾਰੀ ਮਾਹੌਲ ਨੂੰ ਹੱਲਾਸ਼ੇਰੀ ਦਿੱਤੀ ਹੈ। ਮੁਰਲੀਧਰਨ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ‘ਰਿਫਾਰਮ, ਪਰਫਾਰਮ ਅਤੇ ਟਰਾਂਸਫਾਰਮ’ ਮੰਤਰ ਦੀ ਵਰਤੋਂ ਕਰਦਿਆਂ ਬੁਨਿਆਦੀ ਢਾਂਚੇ ’ਚ ਵੱਡੇ ਸੁਧਾਰ ਕੀਤੇ ਹਨ। ‘ਇਨ੍ਹਾਂ ਸੁਧਾਰਾਂ ’ਚ ਡਿਜੀਟਲ ਲੈਣ-ਦੇਣ, ਭ੍ਰਿਸ਼ਟਾਚਾਰ ’ਤੇ ਲਗਾਮ, ਮਹਿੰਗਾਈ ’ਤੇ ਕਾਬੂ ਪਾਉਣ ਜਿਹੇ ਸੁਧਾਰ ਸ਼ਾਮਲ ਹਨ। ਹੁਣ ਸਿੱਧੇ ਵਿਦੇਸ਼ੀ ਨਿਵੇਸ਼ ਦੀਆਂ 90 ਫ਼ੀਸਦ ਤੋਂ ਜ਼ਿਆਦਾ ਪ੍ਰਵਾਨਗੀਆਂ ਆਟੋਮੈਟਿਕ ਰੂਟ ਰਾਹੀਂ ਮਿਲ ਜਾਂਦੀਆਂ ਹਨ।’ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਦੋ ਰੋਜ਼ਾ ਉੱਚ ਪੱਧਰੀ ਮੀਟਿੰਗ ’ਚ ਸ਼ਮੂਲੀਅਤ ਲਈ ਸ੍ਰੀ ਮੁਰਲੀਧਰਨ ਹਾਜ਼ਰ ਸਨ। ਜੈਪੁਰ ਫੁੱਟ ਯੂਐੱਸਏ ਅਤੇ ਗਰੇਸ਼ੀਅਸ ਗਿਵਰਜ਼ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸੀਆਂ ਨਾਲ ਬਿਹਤਰ ਤਾਲਮੇਲ ਬਣਾ ਕੇ ਅਤੇ ਮਾਹੌਲ ’ਚ ਸੁਧਾਰ ਕਰਕੇ ਦੇਸ਼ ਅੰਦਰ ਨਵੇਂ ਵਿਚਾਰਾਂ ਦਾ ਪ੍ਰਵਾਹ ਲਿਆਂਦਾ ਜਾ ਸਕਦਾ ਹੈ। ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਹੁਣ ਆਤਮ-ਨਿਰਭਰ ਬਣਨ ਦੇ ਰਾਹ ਪਿਆ ਹੋਇਆ ਹੈ। ਉਨ੍ਹਾਂ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਅਤੇ ਜੈਪੁਰ ਫੁੱਟ ਯੂਐੱਸਏ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ‘ਆਕਸੀਜਨ ਆਨ ਵਹੀਲਜ਼’ ਮੁਹਿੰਮ ਸ਼ੁਰੂ ਕਰਨ ਵਾਲੇ ਨਿਖਿਲ ਮਹਿਤਾ ਅਤੇ ਅਜੈ ਤਾਡੀਨਾਡਾ ਨੂੰ ਪੁਰਸਕਾਰ ਦੇ ਕੇ ਵੀ ਸਨਮਾਨਿਤ ਕੀਤਾ।