ਹੈਲੀਫੈਕਸ, 8 ਨਵੰਬਰ  : ਫਾਰਮਾਸਿਸਟਸ ਵੱਲੋਂ ਟਰੀਟਮੈਂਟ ਪਲੈਨਜ਼ ਅਪਣਾਏ ਜਾ ਰਹੇ ਹਨ ਕਿਉਂਕਿ ਕੈਨੇਡਾ ਦੀਆਂ ਕੁੱਝ ਡਰੱਗ ਕੰਪਨੀਆਂ ਵੱਲੋਂ ਬੱਚਿਆਂ ਦਾ ਇਲਾਜ ਕਰਨ ਲਈ ਵਰਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਦੀ ਘਾਟ ਦੀ ਸਿ਼ਕਾਇਤ ਕੀਤੀ ਜਾ ਰਹੀ ਹੈ।
ਹੈਲਥ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਉਨ੍ਹਾਂ ਦਵਾਈਆਂ ਦੀ ਘਾਟ ਦੀ ਸਿ਼ਕਾਇਤ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਐਂਟੀਬਾਇਓਟਿਕ ਐਮੌਕਸੀਲਿਨ ਪਾਇਆ ਜਾਂਦਾ ਹੈ।ਹੈਲੀਫੈਕਸ ਦੇ ਆਈਡਬਲਿਊਕੇ ਚਿਲਡਰਨਜ਼ ਹਸਪਤਾਲ ਦੀ ਕਲੀਨਿਕਲ ਫਾਰਮੇਸੀ ਕੋ-ਆਰਡੀਨੇਟਰ ਤੇੇ ਫਾਰਮਾਸਿਸਟ ਮਿਲੇਨੀ ਮੈਕਿਨਿਸ ਨੇ ਦੱਸਿਆ ਕਿ ਬੱਚਿਆਂ ਵਿੱਚ ਜਦੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨਾ ਹੋਵੇ ਤਾਂ ਐਮੌਕਸੀਲਿਨ ਨੂੰ ਕਈ ਢੰਗ ਨਾਲ ਵਰਤਿਆ ਜਾ ਸਕਦਾ ਹੈ ਤੇ ਇਹ ਕਾਫੀ ਕਾਰਗਰ ਰਹਿੰਦੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਕਈ ਤਰ੍ਹਾਂ ਦੀਆਂ ਕਾਮਨ ਇਨਫੈਕਸ਼ਨਜ਼ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤੇ ਨਿਮੋਨੀਆ, ਬ੍ਰੌਂਕਾਈਟਿਸ ਤੇ ਕੰਨਾਂ ਦੀ ਇਨਫੈਕਸ਼ਨ ਨੂੰ ਠੀਕ ਕਰਨ ਲਈ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ।
ਡਰੱਗ ਕੰਪਨੀਆਂ ਸੈਨਿਸ ਹੈਲਥ, ਐਪਟੈਕਸ, ਜੀਐਸਕੇ ਤੇ ਤੇਵਾ ਕੈਨੇਡਾ ਨੇ ਡਰੱਗਜ਼ ਦੀ ਘਾਟ ਵਾਲੇ ਕੈਨੇਡਾ ਦੇ ਡਾਟਾਬੇਸ ਉੱਤੇ ਐਮੌਕਸੀਲਿਨ ਦੀ ਘਾਟ ਦਰਜ ਕਰਵਾਈ ਹੈ। ਹੈਲਥ ਕੈਨੇਡਾ ਨੇ ਆਖਿਆ ਕਿ ਅੱਠ ਹੋਰ ਅਜਿਹੀਆਂ ਡਰੱਗ ਉਤਪਾਦਕ ਕੰਪਨੀਆਂ ਹਨ ਜਿਹੜੀਆਂ ਐਮੌਕਸੀਲਿਨ ਵਾਲੀਆਂ ਦਵਾਈਆਂ ਤਿਆਰ ਕਰਦੀਆਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਨੂੰ ਸਪਲਾਈ ਕਰਨ ਵਿੱਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਤੇ ਉਨ੍ਹਾਂ ਕੋਲ ਇਨ੍ਹਾਂ ਦਵਾਈਆਂ ਦੀ ਕੋਈ ਘਾਟ ਨਹੀਂ।
ਮੈਕਿਨਿਸ ਨੇ ਆਖਿਆ ਕਿ ਹਸਪਤਾਲ ਇਨਵੈਂਟਰੀ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਤੇ ਫਾਰਮਾਸਿਸਟਸ ਵੀ ਇਸ ਦਵਾਈ ਦੀ ਸਪਲਾਈ ਨੂੰ ਮੈਨੇਜ ਕਰਨ ਲਈ ਡਾਕਟਰਾਂ ਨਾਲ ਸਲਾਹ ਕਰਕੇ ਬਦਲਵੇਂ ਪਲੈਨ ਬਣਾ ਰਹੇ ਹਨ।