ਮੁੰਬਈ:ਅਦਾਕਾਰਾ ਰਾਣੀ ਮੁਖਰਜੀ ਦਾ ਮੰਨਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਬੰਟੀ ਔਰ ਬਬਲੀ 2’ ਇਕ ਪਰਿਵਾਰਕ ਮਨੋਰੰਜਕ ਫਿਲਮ ਹੈ। ਅਜਿਹੀਆਂ ਫਿਲਮਾਂ ਨੂੰ ਹਿੰਦੀ ਫਿਲਮ ਸਨਅਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ 2005 ਵਿੱਚ ਸ਼ਾਦ ਅਲੀ ਵੱਲੋਂ ਨਿਰਦੇਸ਼ਿਤ ਫਿਲਮ ‘ਬੰਟੀ ਔਰ ਬਬਲੀ’ ਦਾ ਅਗਲਾ ਭਾਗ ਹੈ, ਜਿਸ ਵਿੱਚ ਅਦਾਕਾਰਾ ਰਾਣੀ ਮੁਖਰਜੀ ਤੇ ਅਭਿਸ਼ੇਕ ਬੱਚਨ ਨੇ ਭੂਮਿਕਾ ਨਿਭਾਈ ਸੀ। ਹੁਣ ‘ਬੰਟੀ ਔਰ ਬਬਲੀ 2’ ਵਿੱਚ ਬੱਚਨ ਦੀ ਜਗ੍ਹਾ ਸੈਫ ਅਲੀ ਖਾਨ ਹੈ। ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਇਹ ਫਿਲਮ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ, ਜੋ ਕਿ ਕਾਫ਼ੀ ਮਨੋਰੰਜਨ ਭਰਪੂਰ ਹੈ। ਅਦਾਕਾਰਾ ਨੇ ਕਿਹਾ, ‘‘ਅੱਜ ਦੇ ਦੌਰ ਵਿੱਚ ਅਸੀਂ ਬਹੁਤ ਹੀ ਘੱਟ ਪਰਿਵਾਰਕ ਮਨੋਰੰਜਨ ਫਿਲਮਾਂ ਬਣਾਉਂਦੇ ਹਾਂ ਅਤੇ ‘ਬੰਟੀ ਔਰ ਬਬਲੀ 2’ ਅਜਿਹੀ ਪਰਿਵਾਰਕ ਮਨੋਰੰਜਨ ਫਿਲਮ ਹੈ, ਜਿਸ ਨੂੰ ਅਸੀਂ ਪੂਰੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਾਂ’’। ਇਹ ਫਿਲਮ ਵਰੁਣ ਵੀ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਜੋ ਪਹਿਲਾਂ ‘ਸੁਲਤਾਨ’ ਤੇ ‘ਟਾਈਗਰ ਜ਼ਿੰਦਾ ਹੈ’ ਲਈ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਹੈ।