ਮੁੰਬਈ:ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਦੋਸ਼ ਲਾਇਆ ਹੈ ਕਿ ਫਿਲਮ ਸਨਅਤ ਦਾ ਇੱਕ ਉੱਘਾ ਅਦਾਕਾਰ ਉਸ ਦੀ ਜਾਸੂਸੀ ਕਰ ਰਿਹਾ ਹੈ। ਉਸ ਦੀ ਜਾਸੂਸੀ ਸਿਰਫ਼ ਗਲੀਆਂ ਵਿਚ ਹੀ ਨਹੀਂ ਹੋ ਰਹੀ ਬਲਕਿ ਉਸ ਦੀ ਇਮਾਰਤ ਤੇ ਉਸ ਦੇ ਵਿਹੜੇ ਵਿਚ ਵੀ ਉਸ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਅਦਾਕਾਰ ਦੀ ਪਤਨੀ ਨੂੰ ਇਸ ਸਭ ਬਾਰੇ ਪਤਾ ਹੈ ਤੇ ਉਹ ਜਾਸੂਸੀ ਕਰਨ ਵਿਚ ਆਪਣੇ ਪਤੀ ਦਾ ਸਾਥ ਦੇ ਰਹੀ ਹੈ। ਕੰਗਨਾ ਨੇ ਇਸ ਅਦਾਕਾਰ ਦੀ ਤੁਲਨਾ ਇਟਲੀ ਦੇ ਕੈਸਾਨੋਵਾ ਨਾਲ ਕੀਤੀ ਹੈ ਜੋ ਤੀਵੀਂਬਾਜ਼ੀ ਲਈ ਮਸ਼ਹੂਰ ਸੀ। ਕੰਗਨਾ ਦੀ ਹਾਲ ਹੀ ਵਿਚ ਟਵਿੱਟਰ ’ਤੇ ਵਾਪਸੀ ਹੋਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਅੱਜ ਇਕ ਲੰਬੀ ਸਟੋਰੀ ਸ਼ੇਅਰ ਕਰਦਿਆਂ ਜਾਸੂਸੀ ਕਰਨ ਦੇ ਦੋਸ਼ ਲਾਏ ਪਰ ਉਸ ਨੇ ਇਸ ਅਦਾਕਾਰ ਦਾ ਨਾਂ ਜ਼ਾਹਰ ਨਹੀਂ ਕੀਤਾ। ਉਸ ਨੇ ਲਿਖਿਆ, ‘ਮੈਂ ਜਿੱਥੇ ਵੀ ਜਾਂਦੀ ਹਾਂ, ਮੇਰਾ ਪਿੱਛਾ ਕੀਤਾ ਜਾਂਦਾ ਹੈ ਅਤੇ ਜਾਸੂਸੀ ਕੀਤੀ ਜਾਂਦੀ ਹੈ, ਨਾ ਸਿਰਫ ਸੜਕਾਂ ’ਤੇ, ਇੱਥੋਂ ਤੱਕ ਕਿ ਮੇਰੀ ਬਿਲਡਿੰਗ, ਪਾਰਕਿੰਗ ਅਤੇ ਘਰ ਦੀ ਛੱਤ ’ਤੇ ਨਜ਼ਰ ਰੱਖਣ ਲਈ ਜ਼ੂਮ ਲੈਂਜ਼ ਲਾੲੇ ਗਏ ਹਨ।