ਨਵੀਂ ਜੁਲਾਈ,  ਯੂਐੱਸ ਓਪਨ ਦੀ ਆਪਣੀ ਖ਼ਿਤਾਬੀ ਜਿੱਤ ਨਾਲ ਐਚਐਸ ਪ੍ਰਣਯ ਛੇ ਸਥਾਨ ਦੀ ਲੰਮੀ ਛਾਲ ਮਾਰ ਕੇ ਵੀਰਵਾਰ ਨੂੰ ਜਾਰੀ ਤਾਜ਼ਾ ਬੈਡਮਿੰਟਨ ਰੈਂਕਿੰਗ ’ਚ ਆਪਣੇ ਸਰਵੋਤਮ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪ੍ਰਣਯ ਦੇ ਟੌਪ 20 ’ਚ ਪਹੁੰਚਣ ਨਾਲ ਹੀ ਹੁਣ ਚਾਰ ਭਾਰਤੀ ਪੁਰਸ਼ ਖਿਡਾਰੀ ਸਿਖਰਲੇ 20 ਬੈਡਮਿੰਟਨ ਖਿਡਾਰੀਆਂ ’ਚ ਸ਼ਾਮਲ ਹੋ ਗਏ ਹਨ।
ਕਿਦਾਂਬੀ ਸ੍ਰੀਕਾਂਤ ਦਾ ਅੱਠਵਾਂ ਸਥਾਨ ਬਣਿਆ ਹੋਇਆ ਹੈ ਅਤੇ ਉਹ ਸਿਖਰਲਾ ਭਾਰਤੀ ਪੁਰਸ਼ ਖਿਡਾਰੀ ਹੈ। ਅਜੈ ਜੈਰਾਮ ਦਾ ਵੀ 15ਵਾਂ ਸਥਾਨ ਬਰਕਰਾਰ ਹੈ। ਪ੍ਰਣਯ 23ਵੇਂ ਤੋਂ 17ਵੇਂ ਸਥਾਨ ’ਤੇ ਪਹੁੰਚਿਆ ਹੈ ਜਦਕਿ ਬੀ ਸਾਈ ਪ੍ਰਣੀਤ ਇੱਕ ਸਥਾਨ ਡਿਗ ਕੇ 19ਵੇਂ ਸਥਾਨ ’ਤੇ ਖਿਸਕ ਗਿਆ ਹੈ। ਪ੍ਰਣਯ ਨੇ ਫਾਈਨਲ ’ਚ ਹਮਵਤਨ ਪਰੂਪੱਲੀ ਕਸ਼ਯਪ ਨੂੰ ਹਰਾਇਆ ਸੀ। ਕਸ਼ਯਪ ਨੇ ਫਾਈਨਲ ’ਚ ਪਹੁੰਚ ਕੇ 12 ਸਥਾਨ ਦਾ ਫਾਇਦਾ ਹਾਸਲ ਕੀਤਾ ਅਤੇ ਹੁਣ ਉਹ 47ਵੇਂ ਨੰਬਰ ’ਤੇ ਆ ਗਿਆ ਹੈ।
ਸਮੀਰ ਵਰਮਾ ਚਾਰ ਸਥਾਨ ਦੇ ਫਾਇਦੇ ਨਾਲ 28ਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦਕਿ ਉਸ ਦਾ ਭਰਾ ਸੌਰਭ ਵਰਮਾ ਇੱਕ ਸਥਾਨ ਦੇ ਨੁਕਸਾਨ ਨਾਲ 37ਵੇਂ ਨੰਬਰ ’ਤੇ ਖਿਸਕ ਗਿਆ ਹੈ।
ਮਹਿਲਾਵਾਂ ’ਚ ਫਿਲਹਾਲ ਐਕਸ਼ਨ ਤੋਂ ਬਾਹਰ ਚੱਲ ਰਹੀ ਪੀਵੀ ਸਿੰਧੂ ਦਾ ਪੰਜਵਾਂ ਸਥਾਨ ਬਰਕਰਾਰ ਹੈ ਜਦਕਿ ਸਾਇਨਾ ਨੇਹਵਾਲ ਇੱਕ ਸਥਾਨ ਖਿਸਕ ਕੇ 16ਵੇਂ ਨੰਬਰ ’ਤੇ ਪਹੁੰਚ ਗਈ ਹੈ। ਪੁਰਸ਼ ਡਬਲਜ਼ ’ਚ ਮਨੂ ਅੱਤਰੀ ਤੇ ਬੀ ਸੁਮਿਤ ਰੈੱਡੀ ਪੰਜ ਸਥਾਨ ਦੇ ਸੁਧਾਰ ਨਾਲ 33ਵੇਂ ਨੰਬਰ ’ਤੇ ਆ ਗਏ ਹਨ, ਜਦਕਿ ਅਰਜੁਨ ਐਮਆਰ ਤੇ ਰਾਮਚੰਦਰ ਸ਼ਲੋਕ ਛੇ ਸਥਾਨ ਦੇ ਫਾੲਿਦੇ ਨਾਲ 41ਵੇਂ ਨੰਬਰ ’ਤੇ ਪਹੁੰਚ ਗਏ ਹਨ।
ਮਹਿਲਾ ਡਬਲਜ਼ ’ਚ ਅਸ਼ਵਨੀ ਪੋਨੱਪਾ ਤੇ ਐਨ ਸਿੱਕੀ ਰੈੱਡੀ ਦਾ 25ਵਾਂ ਸਥਾਨ ਕਾਇਮ ਹੈ। ਮਿਕਸਡ ਡਬਲਜ਼ ’ਚ ਪ੍ਰਣਵ ਚੋਪਡ਼ਾ ਅਤੇ ਸਿੱਕੀ ਰੈੱਡੀ ਤਿੰਨ ਸਥਾਨ ਖਿਸਕ ਕੇ 20ਵੇਂ ਨੰਬਰ ’ਤੇ ਪਹੁੰਚ ਗਏ ਹਨ।