ਨਵੀਂ ਦਿੱਲੀ:ਭਾਰਤ ਦੇ ਲਕਸ਼ੈ ਸੇਨ ਨੇ (20) ਅੱਜ ਇਥੇ ਪੁਰਸ਼ ਸਿੰਗਲਜ਼ ਫਾਈਨਲ ’ਚ ਮੌਜੂਦਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਸਿੱਧੇ ਗੇਮਾਂ ’ਚ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤ ਲਿਆ। ਭਾਰਤੀ ਖਿਡਾਰੀ ਦਾ ਸੁਪਰ 500 ਪੱਧਰ ਦੇ ਮੁਕਾਬਲੇ ’ਚ ਇਹ ਪਹਿਲਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਨੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਅਤੇ ਹੈਂਡਰਾ ਸੇਤਿਆਵਾਨ ਦੀ ਜੋੜੀ ਨੂੰ ਸਿੱਧੇ ਗੇਮਾਂ 21-16, 26-24 ਨਾਲ ਹਰਾਇਆ। ਇੰਡੀਆ ਓਪਨ ਜਿੱਤਣ ਵਾਲੀ ਦੇਸ਼ ਦੀ ਇਹ ਪਹਿਲੀ ਜੋੜੀ ਬਣ ਗਈ ਹੈ। ਪਿਛਲੇ ਮਹੀਨੇ ਸਪੇਨ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੇਨ ਨੇ 54 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ’ਚ ਪੰਜਵਾਂ ਦਰਜਾ ਪ੍ਰਾਪਤ ਲੋਹ ਕੀਨ ਯੂ ਨੂੰ 24-22 ਅਤੇ 21-17 ਨਾਲ ਹਰਾਇਆ।