ਨਵੀਂ ਦਿੱਲੀ, 27 ਜਨਵਰੀ

2002 ਦੇ ਗੁਜਰਾਤ ਦੰਗਿਆਂ ’ਤੇ ਬੀਬੀਸੀ ਦੀ ਵਿਵਾਦਤ ਦਸਤਾਵੇਜ਼ੀ ਫਿਲਮ ਦਿਖਾਉਣ ਲਈ ਅੱਜ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ’ਚ ਇਕੱਠੇ ਹੋਏ 24 ਵਿਦਿਆਰਥੀਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲੈ ਲਿਆ। ਕੁਝ ਵਿਦਿਆਰਥੀ ਕਾਰਕੁਨਾਂ ਨੇ ਇਹ ਦੋਸ਼ ਲਾਇਆ। ਡਾਕੂਮੈਂਟਰੀ ਦੀ ਸਕ੍ਰੀਨਿੰਗ ਬਾਰੇ ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ‘ਚ ਵੀ ਅਜਿਹਾ ਹੀ ਹੰਗਾਮਾ ਹੋਇਆ ਸੀ। ਵਿਦਿਆਰਥੀ ਸੰਗਠਨਾਂ ਵੱਲੋਂ ਡਾਕੂਮੈਂਟਰੀ ਦੀ ਸਕ੍ਰੀਨਿੰਗ ਦੇ ਸੱਦੇ ਤੋਂ ਬਾਅਦ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿਨ ‘ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਕਟਰ ਰਜਨੀ ਅੱਬੀ ਨੇ ਕਿਹਾ ਸੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਸਕ੍ਰੀਨਿੰਗ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਵਿਦਿਆਰਥੀ ਸੰਗਠਨਾਂ ਨੇ ਇਸ ਦੀ ਇਜਾਜ਼ਤ ਨਹੀਂ ਮੰਗੀ ਹੈ।