ਨਵੀਂ ਦਿੱਲੀ:ਭਾਰਤ ਦਾ ਸ਼ਟਲਰ ਐੱਚਐੱਸ ਪ੍ਰਣੌਏ ਅੱਜ ਜਾਰੀ ਤਾਜ਼ਾ ਬੀਡਬਲਿਊਐੱਫ ਵਿਸ਼ਵ ਦਰਾਬੰਦੀ ਵਿੱਚ ਪੁਰਸ਼ ਸਿੰਗਲਜ਼ ਵਰਗ ’ਚ ਦੋ ਸਥਾਨ ਉੱਪਰ ਕਰੀਅਰ ਦੇ ਸਰਬੋਤਮ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਵੀ ਦੋ ਸਥਾਨ ਉਪਰ 15ਵੇਂ ਸਥਾਨ ’ਤੇ ਪਹੁੰਚ ਗਈ ਹੈ। ਪ੍ਰਣੌਏ ਦੇ 17 ਟੂਰਨਾਮੈਂਟਾਂ ਵਿੱਚ 66,147 ਅੰਕ ਹਨ। ਉਧਰ ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਇੱਕ ਸਥਾਨ ਉੱਪਰ 11ਵੇਂ ਸਥਾਨ ’ਤੇ ਪਹੁੰਚ ਗਈ ਹੈ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਕ੍ਰਮਵਾਰ 22ਵੇਂ ਅਤੇ 23ਵੇਂ ਸਥਾਨ ’ਤੇ ਹਨ। ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਦੋ ਸਥਾਨ ਹੇਠਾਂ ਸੱਤਵੇਂ ਸਥਾਨ ’ਤੇ ਆ ਗਈ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਭਾਰਤੀ ਜੋੜੀ ਸਿਖਰਲੇ 20 ਵਿੱਚ ਸ਼ਾਮਲ ਨਹੀਂ ਹੈ।