ਮੁੰਬਈ:
ਬਿੱਗ ਬੌਸ ਸੀਜ਼ਨ-16 ਵਿੱਚ ਸੁਪਰ ਸਟਾਰ ਸਲਮਾਨ ਖਾਨ ਅੰਦਰਲਾ ਗੱਬਰ ਦਿਖਾਈ ਦੇਵੇਗਾ। ਇਸ ਸਬੰਧੀ ਰਿਐਲਿਟੀ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਕਾਰ ਫ਼ਿਲਮ ‘ਸ਼ੋਅਲੇ’ ਵਾਲਾ ਡਾਇਲਾਗ ਬੋਲਦਾ ਸੁਣਾਈ ਦਿੰਦਾ ਹੈ। ਸਲਮਾਨ ਖਾਨ ਨੇ ਗੱਬਰ ਦਾ ਇਹ ਡਾਇਲਾਗ ਕੁਝ ਬਦਲ ਕੇ ਬੋਲਿਆ ਹੈ ਜਿਵੇਂ, ‘‘ਪਚਾਸ ਪਚਾਸ ਕੋਸ ਜਬ ਬੱਚਾ ਰੋਏਗਾ ਤੋ ਮਾਂ ਕਹੇਗੀ ਸੋ ਜਾ ਵਰਨਾ ਬਿੱਗ ਬੌਸ ਆ ਜਾੲੇਗਾ।’’ ਇਸ ਦੇ ਅਸਲ ਬੋਲ ਇਸ ਤਰ੍ਹਾਂ ਹਨ: ‘ਪਚਾਸ ਪਚਾਸ ਕੋਸ ਦੂਰ ਗਾਓਂ ਮੇਂ ਜਬ ਬੱਚਾ ਰਾਤ ਕੋ ਰੋਤਾ ਹੈ ਤੋ ਮਾਂ ਕਹਿਤੀ ਹੈ ਬੇਟਾ ਸੋਜਾ ਨਹੀਂ ਤੋ ਗੱਬਰ ਸਿੰਘ ਆ ਜਾਏਗਾ।’’ ਸਲਮਾਨ ਖਾਨ ਨੇ ਆਖਿਆ ਕਿ ਹੁਣ ਸਮਾਂ ਬਦਲ ਗਿਆ ਹੈ ਕਿਉਂਕਿ ਐਤਕੀ ਬਿੱਗ ਬੌਸ ਖੁਦ ਖੇਡ ਖੇੇਡੇਗਾ। ਨਿਰਮਾਤਾਵਾਂ ਨੇ ਸ਼ੋਅ ਦਾ ਪਹਿਲਾ ਪ੍ਰੋਮੋ ਜਾਰੀ ਕਰ ਦਿੱਤਾ ਹੈ। ਸਲਮਾਨ ਖਾਨ ਨੇ ਆਖਿਆ,‘‘ਪਿਛਲੇ ਪੰਦਰਾਂ ਸਾਲਾਂ ਦੌਰਾਨ ਬਿੱਗ ਬੌਸ ਹਰ ਖੇਡ ਦਾ ਚਸ਼ਮਦੀਦ ਰਿਹਾ ਹੈ ਪਰ ਐਤਕੀ ਉਹ ਖੁਦ ਖੇਡੇਗਾ।’’ ਇਸੇ ਦੌਰਾਨ ਸ਼ੋਅ ਦੇ ਕੁਝ ਮੁਕਾਬਲੇਬਾਜ਼ਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮੁਨੱਵਰ ਫਾਰੂਕੀ, ਕਨਿਕਾ ਮਾਨ, ਸੁੰਬਲ ਤੌਰੀਕ, ਟੀਨਾ ਦੱਤਾ, ਸੁਰਭੀ ਜੋਤੀ, ਅਬਦੂ ਰੌਜ਼ਿਕ ਅਤੇ ਹੋਰ ਸ਼ਾਮਲ ਹਨ ਪਰ ਇਨ੍ਹਾਂ ਦੇ ਸ਼ੋਅ ਵਿੱਚ ਸ਼ਾਮਲ ਹੋਣ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।