ਲਖਨਊ, 28 ਅਕਤੂਬਰ

ਗਾਜ਼ੀਪੁਰ ਜ਼ਿਲ੍ਹੇ ਦੀ ਪੁਲੀਸ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਤੇ ਗਾਜ਼ੀਪੁਰ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਦੀ ਲਖਨਊ ਸਥਿਤ 12.50 ਕਰੋੜ ਰੁਪਏ ਦੀ ਅਚਲ ਜਾਇਦਾਦ ਕੁਰਕ ਕੀਤੀ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਗੈਂਗਸਟਰ ਐਕਟ ਤਹਿਤ ਇਹ ਕਾਰਵਾਈ ਕੀਤੀ ਹੈ। ਗਾਜ਼ੀਪੁਰ ਜ਼ਿਲ੍ਹੇ ਦੇ ਐੱਸਪੀ ਰੋਹਨ ਪੀ ਬੋਤਰੇ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਗਾਜ਼ੀਪੁਰ ਪੁਲੀਸ ਨੇ ਅਫਜ਼ਲ ਅੰਸਾਰੀ ਵੱਲੋਂ ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਕੁੱਲ 12 ਕਰੋੜ 50 ਲੱਖ ਰੁਪਏ ਦੀ ਅਚਲ ਜਾਇਦਾਦ ਕੁਰਕ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਫਜ਼ਲ ਅੰਸਾਰੀ ਵੱਲੋਂ ਆਪਣੇ ਸੰਗਠਿਤ ਅਪਰਾਧ ਰਾਹੀਂ ਹਾਸਲ ਕੀਤੇ ਪੈਸਿਆਂ ਨਾਲ ਪਤਨੀ ਫਰਹਤ ਅੰਸਾਰੀ ਦੇ ਨਾਂ ’ਤੇ ਮੁਹੱਲਾ ਡਾਲੀਬਾਗ, ਲਖਨਊ ਸਥਿਤ ਜ਼ਮੀਨ ’ਚ ਭਵਨ ਤੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਜਾਇਦਾਦ ਦੀ ਬਾਜ਼ਾਰੀ ਕੀਮਤ 12.50 ਕਰੋੜ ਰੁਪਏ ਹੈ। ਉਨ੍ਹਾਂ ਕਿਹਾ, ‘ਪਿਛਲੇ ਕੁਝ ਮਹੀਨਿਆਂ ਅੰਦਰ ਮੁਖਤਾਰ ਅੰਸਾਰੀ ਤੇ ਉਸ ਦੇ ਗਰੋਹ ਦੇ ਮੈਂਬਰਾਂ ਦੀਆਂ 70 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ।’