ਦਿੜ੍ਹਬਾ ਮੰਡੀ, ਪਿੰਡ ਖੇਤਲਾ ਦੀ ਅੰਮ੍ਰਿਤਧਾਰੀ ਲੜਕੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਜੀਆਰਪੀ ਦੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ 25 ਜੁਲਾਈ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੁਪਹਿਰ ਬਾਅਦ ਪੁਲੀਸ ਦੇ ਭਰੋਸੇ ਮਗਰੋਂ ਚੁੱਕ ਲਿਆ ਗਿਆ।
ਜਾਣਕਾਰੀ ਅਨੁਸਾਰ 21 ਜੁਲਾਈ ਨੂੰ ਪਾਤੜਾਂ ਨੂੰ ਜਾ ਰਹੀ ਬੱਸ ਵਿੱਚ ਰੇਲਵੇ ਪੁਲੀਸ ਸੰਗਰੂਰ ਦੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਪਿੰਡ ਖੇਤਲਾ ਦੀ ਅੰਮ੍ਰਿਤਧਾਰੀ ਲੜਕੀ ਨਾਲ ਬਦਤਮੀਜ਼ੀ ਕਰਨ ਤੋਂ ਇਲਾਵਾ ਸਿੱਖੀ ਸਰੂਪ ਬਾਰੇ ਗ਼ਲਤ ਸ਼ਬਦ ਬੋਲੇ। ਇਸ ਮਾਮਲੇ ’ਚ ਪੀੜਤ ਲੜਕੀ ਦੀ ਮਦਦ ਲਈ ਸਹਾਇਕ ਥਾਣੇਦਾਰ ਨੂੰ ਕੁੱਟਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਖ਼ਿਲਾਫ਼ ਪੁਲੀਸ ਕਾਰਵਾਈ ਨਾ ਹੋਣ ਦੇਣ ਅਤੇ ਸਹਾਇਕ ਥਾਣੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪਿੰਡ ਖੇਤਲਾ ਵਿੱਚ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸਹਾਇਕ ਥਾਣੇਦਾਰ ਨੂੰ ਮੁਅੱਤਲ ਕੀਤਾ ਜਾਵੇ ਅਤੇ ਥਾਣੇਦਾਰ ਨੂੰ ਕੁੱਟਣ ਵਾਲੇ ਜਸਵਿੰਦਰ ਸਿੰਘ ਖ਼ਿਲਾਫ਼ ਪੁਲੀਸ ਕਾਰਵਾਈ ਨਾ ਕਰਨ ਦੀ ਮੰਗ ਲਿਖਤੀ ਰੂਪ ਵਿੱਚ ਮੰਨੀ ਜਾਵੇ।
ਇਸ ਦੌਰਾਨ ਡੀਐਸਪੀ ਦਿੜ੍ਹਬਾ ਯੋਗੇਸ਼ ਕੁਮਾਰ ਸ਼ਰਮਾ ਅਤੇ ਡੀਐਸਪੀ ਪਾਤੜਾਂ ਦਵਿੰਦਰ ਅੱਤਰੀ ਨੇ ਸੰਘਰਸ਼ਕਾਰੀਆਂ ਦੀ ਪੰਜ ਮੈਂਬਰੀ ਕਮੇਟੀ ਦੀ ਸਮਾਣਾ ਵਿੱਚ ਐਸਐਸਪੀ ਪਟਿਆਲਾ ਨਾਲ ਫੋਨ ’ਤੇ ਗੱਲ ਕਰਵਾਈ।
ਐਸਐਸਪੀ ਪਟਿਆਲਾ ਨੇ ਪੰਜ ਮੈਂਬਰੀ ਕਮੇਟੀ ਨੂੰ ਲੜਕੀ ਦੀ ਮਦਦ ਕਰਨ ਵਾਲੇ ਜਸਵਿੰਦਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ। ਧਰਨੇ ਨੂੰ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ, ਬਲਵੀਰ ਸਿੰਘ ਬਿੱਲੂ, ਬਲਾਕ ਸਮਿਤੀ ਮੈਂਬਰ ਹਰਜੀਤ ਸਿੰਘ, ਸੱਜੂ ਸਿੰਘ ਤੇ ਸੁਖਚੈਨ ਸਿੰਘ ਨੇ ਸੰਬੋਧਨ ਕੀਤਾ। ਗ਼ੌਰਤਲਬ ਹੈ ਕਿ ਸਹਾਇਕ ਥਾਣੇਦਾਰ ਨੂੰ ਪੁਲੀਸ ਨੇ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਹੈ।