ਬਟਾਲਾ, 15 ਅਗਸਤ

ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਅੱਜ ਸਵੇਰੇ ਬਟਾਲਾ ਦੇ ਸੂਰਜਦੀਪ ਸਿੰਘ ਦਾ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਸੂਰਜਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਘਰ ਮੁੜ ਰਿਹਾ ਸੀ। ਹਮਲਾਵਰ ਮ੍ਰਿਤਕ ਦਾ ਪਰਸ ਅਤੇ ਘੜੀ ਖੋਹ ਕੇ ਲੈ ਗਏ। ਸਥਾਨਕ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਮ੍ਰਿਤਕ ਬਟਾਲਾ ਦੀ ਗਰੇਟਰ ਕੈਲਾਸ਼ ਕਾਲੋਨੀ ਦਾ ਵਾਸੀ ਸੀ। ਮ੍ਰਿਤਕ ਦੇ ਤਾਇਆ ਦਲਜੀਤ ਸਿੰਘ ਨੇ ਦੱਸਿਆ ਕਿ ਸੂਰਜਦੀਪ ਸਿੰਘ ਆਪਣੇ ਚਚੇਰੇ ਭਰਾਵਾਂ ਨਾਲ ਪਿਛਲੇ ਤਿੰਨ ਸਾਲ ਤੋਂ ਪੜ੍ਹਾਈ ਲਈ ਬਰੈਂਪਟਨ ’ਚ ਰਹਿ ਰਿਹਾ ਸੀ। ਉਹ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਮਗਰੋਂ ਘਰ ਮੁੜ ਰਿਹਾ ਸੀ ਕਿ ਰਸਤੇ ’ਚ ਤਿੰਨ ਸਿਆਹਫ਼ਾਮ ਵਿਅਕਤੀਆਂ ਨੇ ਉਸ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਹਮਲਾਵਰ ਉਸ ਦਾ ਪਰਸ ਅਤੇ ਘੜੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਅੱਜ ਸਵੇਰੇ ਫੋਨ ’ਤੇ ਮਿਲੀ। ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਸੂਰਜਦੀਪ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।