ਆਨਲਾਈਨ ਕਲਾਸਾਂ ਦੇ ਚਲਦਿਆਂ ਮੇਰੀ ਕਲਾਸ ਦੀ ਸਭ ਤੋਂ ਹੁਸ਼ਿਆਰ ਬੱਚੀ ਕਈ ਦਿਨਾਂ ਤੋਂ ਮੇਰੇ ਨਾਲ ਜੁੜ ਨਹੀਂ ਸੀ ਰਹੀ। ਮੈਂ ਇੱਕ ਦੋ ਵਾਰ ਫੋਨ ਕੀਤਾ, ਉਸ ਦਾ ਫੋਨ ਬੰਦ ਆ ਰਿਹਾ ਸੀ। ਅੱਜ ਮੈਂ ਦੁਬਾਰਾ ਕਾਰਨ ਜਾਨਣ ਲਈ ਫੋਨ ਕਰਨਾ ਚਾਹਿਆ। ਫੋਨ ਉਸ ਦੇ ਪਾਪਾ ਨੇ ਚੁੱਕਿਆ। ਦੋਵੇਂ ਪਾਸਿਆਂ ਤੋਂ ਸਤਿ ਸ੍ਰੀ ਅਕਾਲ ਬੋਲਣ ਤੋਂ ਬਾਅਦ ਮੈਂ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਅਤੇ ਫੋਨ ਬੰਦ ਹੋਣ ਦਾ ਕਾਰਨ ਪੁੱਛਿਆ। ‘‘ਮੈਡਮ ਜੀ, ਫੋਨ ’ਚੋਂ ਪੈਸੇ ਮੁੱਕ ਗਏ ਸੀ। ਇਹ ਤਾਂ ਅੱਜ ਥੋੜ੍ਹੇ ’ਜੇ ਪੈਸੇ ਸਿਰਫ਼ ਫੋਨ ਆਉਣ ਲਈ ਪਵਾਏ ਨੇ ਜੀ। ਕਈ ਵਾਰ ਦੁਖਦਾ-ਸੁਖਦਾ ਕੋਈ ਜਰੂਰੀ ਸੁਨੇਹਾ ਆਉਣਾ ਹੁੰਦੈ,’’ ਉਸ ਦੇ ਪਾਪਾ ਨੇ ਆਖਿਆ। ‘‘ਅੱਛਾ ਫੇਰ ਨੈੱਟ ਨੀ ਚਲਦਾ ਤੁਹਾਡੇ ਫੋਨ ’ਚ,’’ ਮੈਂ ਅਸਲੀ ਮਕਸਦ ਜਾਣਨ ਦੇ ਰੌਂਅ ਵਿੱਚ ਪੁੱਛਿਆ। ‘‘ਤੁਸੀਂ ਨੈੱਟ ਦੀ ਗੱਲ ਕਰਦੇ ਓ ਮੈਡਮ ਜੀ, ਸਾਡੇ ਤਾਂ ਭੜੋਲਿਆਂ ’ਚੋਂ ਆਟਾ ਵੀ ਮੁੱਕਿਆ ਪਿਐ। ਸਾਡਾ ਕਿਹੜਾ ਜੀਅ ਨੀ ਕਰਦਾ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇਈਏ। ਉਹ ਵੀ ਵਿਚਾਰਾ ਜਾ ਮੂੰਹ ਕਰਕੇ ਜਦੋਂ ਮੇਰੇ ਵੱਲ ਦੇਖਦੀ ਐ ਤਾਂ ਕਹਿੰਦੀ ਕੁਛ ਨੀ, ਘਰ ਦੀ ਮਜਬੂਰੀ ਸਮਝ ਕੇ ਚੁੱਪ ਕਰ ਜਾਂਦੀ ਐ। ਮੈਡਮ ਜੀ, ਇਹ ਮਜਬੂਰੀ ਜੀਹਦੇ ਪੱਲੇ ਪੈਂਦੀ ਐ ਇਹਦਾ ਮੁੱਲ ਓਹੀ ਜਾਣਦੈ,’’ ਆਖਦਿਆਂ ਉਸ ਦਾ ਗਲਾ ਭਰ ਆਇਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਭਰੇ ਗਲ਼ੇ ਨਾਲ ‘‘ਅੱਛਾ ਮੈਡਮ ਜੀ, ਸਤਿ ਸ੍ਰੀ ਅਕਾਲ’’ ਆਖ ਉਸ ਨੇ ਫੋਨ ਕੱਟ ਦਿੱਤਾ। ਮਜਬੂਰ ਮਾਪਿਆਂ ਦੇ ਹੁਸ਼ਿਆਰ ਬੱਚਿਆਂ ਦੇ ਭਵਿੱਖ ’ਤੇ ਕਰੋਨਾ ਮਹਾਂਮਾਰੀ ਦੇ ਪਏ ਪਰਛਾਵੇਂ ਮੇਰੇ ਦਿਲੋ-ਦਿਮਾਗ ’ਤੇ ਛਾਉਣ ਲੱਗੇ। ਮੈਂ ਅਗਲੇ ਬੱਚੇ ਨੂੰ ਫੋਨ ਕਰਨ ਲਈ ਦੁਚਿੱਤੀ ਵਿਚ ਪੈ ਗਈ।
– ਸੁਖਵਿੰਦਰ ਕੌਰ ਸਿੱਧੂ