ਕੁਈਨਜ਼ ਪਾਰਕ, 23 ਨਵੰਬਰ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਫੈਡਰਲ ਤੇ ਪ੍ਰੋਵਿੰਸ਼ੀਅਲ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਨਵੀਂ ਕਾਉਂਸਲ ਕਾਇਮ ਕੀਤੀ ਜਾ ਰਹੀ ਹੈ। ਫੋਰਡ ਸਰਕਾਰ ਚਾਹੁੰਦੀ ਹੈ ਕਿ ਓਟਵਾ ਵਿੱਚ ਬਣੀ ਨਵੀਂ ਘੱਟਗਿਣਤੀ ਲਿਬਰਲ ਸਰਕਾਰ ਓਨਟਾਰੀਓ ਵਿੱਚ ਨਿਵੇਸ਼ ਕਰੇ।
ਫੋਰਡ ਨੇ ਵੀਰਵਾਰ ਨੂੰ ਕਾਉਂਸਲ ਦਾ ਐਲਾਨ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਫੈਡਰਲ ਕੈਬਨਿਟ ਦਾ ਪਸਾਰ ਕੀਤਾ ਸੀ ਤੇ ਕ੍ਰਿਸਟੀਆ ਫਰੀਲੈਂਡ ਨੂੰ ਇੰਟਰਗਵਰਮੈਂਟਲ ਮਾਮਲਿਆਂ ਦੀ ਚਾਰਜ ਬਣਾਇਆ ਸੀ। ਫੋਰਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਅਸੀਂ ਨਵੇਂ ਫੈਡਰਲ ਮੰਤਰੀ ਮੰਡਲ ਨਾਲ ਰਲ ਕੇ ਕਈ ਅਹਿਮ ਪ੍ਰੋਜੈਕਟਸ ਨੂੰ ਜਲਦ ਤੋਂ ਜਲਦ ਸੁ਼ਰੂ ਕਰਨਾ ਚਾਹੁੰਦੇ ਹਾਂ, ਹੈਲਥ ਕੇਅਰ ਫੰਡਿੰਗ ਵਿੱਚ ਵਾਧਾ ਕਰਨ ਦੇ ਨਾਲ ਨਾਲ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ ਜਿੱਥੇ ਬਿਜ਼ਨਸ ਤੇ ਜੌਬ ਕ੍ਰੀਏਟਰਜ਼ ਪੱਲਰ ਸਕਣ।
ਇਸ ਕਾਉਂਸਲ ਦੇ ਚੇਅਰ ਪ੍ਰੀਮੀਅਰ ਆਪ ਹੋਣਗੇ ਤੇ ਇਸ ਵਿੱਚ ਫੋਰਡ ਮੰਤਰੀ ਮੰਡਲ ਦੇ ਕੁੱਝ ਆਲ੍ਹਾ ਦਰਜੇ ਦੇ ਮੰਤਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵਿੱਤ ਮੰਤਰੀ ਰੌਡ ਫਿਲਿਪਸ, ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਪੀਟਰ ਬੈਥਲਨਫਾਲਵੀ, ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ, ਇਨਫਰਾਸਟ੍ਰਕਚਰ ਮੰਤਰੀ ਲੌਰੀ ਸਕੌਅ ਤੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਵਿੱਕ ਫੈਡੇਲੀ ਸ਼ਾਮਲ ਹਨ।
ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਫੈਡਰਲ ਸਰਕਾਰ ਨਾਲ ਤਾਲਮੇਲ ਬਿਠਾ ਕੇ ਚੱਲਣਾ ਹੈ ਖਾਸਤੌਰ ਉੱਤੇ ਕਈ ਅਹਿਮ ਪ੍ਰੋਜੈਕਟਾਂ ਜਿਵੇਂ ਕਿ ਫੋਰਡ ਦੇ 28.5 ਬਿਲੀਅਨ ਓਨਟਾਰੀਓ ਲਾਈਨ ਟਰਾਂਜਿ਼ਟ ਸਿਸਟਮ। ਸਰਕਾਰ ਦਾ ਕਹਿਣਾ ਹੈ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚੋਂ ਹੈ ਤੇ ਇਸ ਦੇ ਨਾਲ ਹੀ ਉਹ ਹੈਲਥਕੇਅਰ ਲਈ ਵੀ ਫੰਡਾਂ ਵਿੱਚ ਵਾਧਾ ਚਾਹੁੰਦੇ ਹਨ।