ਓਟਵਾ, 28ਅਕਤੂਬਰ : ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੁਆ ਵੱਲੋਂ ਵਿਰੋਧ ਦੇ ਬਾਵਜੂਦ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਲਿਬਰਲਾਂ ਵੱਲੋਂ ਲਿਆਂਦਾ ਡੈਂਟਲ ਕੇਅਰ ਬੈਨੇਫਿਟ ਬਿੱਲ ਤੀਜੀ ਰੀਡਿੰਗ ਵਿੱਚ ਵੀ ਪਾਸ ਹੋ ਗਿਆ।
ਇਹ ਬਿੱਲ 172 ਦੇ ਮੁਕਾਬਲੇ 138 ਵੋਟਾਂ ਨਾਲ ਪਾਸ ਹੋਇਆ। ਇਸ ਤਹਿਤ ਸਾਲ ਵਿੱਚ 90,000 ਡਾਲਰ ਤੋਂ ਵੀ ਘੱਟ ਕਮਾਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਲਈ 650 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਮਿਲਣਗੇ।ਇਸ ਮਕਸਦ ਲਈ ਯੋਗ ਹੋਣ ਵਾਸਤੇ ਪਰਿਵਾਰਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਰਾਹੀਂ ਅਪਲਾਈ ਕਰਨਾ ਹੋਵੇਗਾ ਤੇ ਇਹ ਤਸਦੀਕ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਬੱਚੇ ਲਈ ਡੈਂਟਲ ਵਿਜਿ਼ਟ ਬੁੱਕ ਕਰਵਾਈ ਹੈ, ਉਨ੍ਹਾਂ ਕੋਲ ਪ੍ਰਾਈਵੇਟ ਇੰਸ਼ੋਰੈਂਸ ਨਹੀ਼ਂ ਹੈ ਤੇ ਇਸ ਅਪੁਆਇੰਟਮੈਂਟ ਲਈ ਹੋਣ ਵਾਲਾ ਖਰਚਾ ਉਨ੍ਹਾਂ ਨੂੰ ਵਾਰਾ ਨਹੀਂ ਖਾਂਦਾ।
ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇਸ ਸਬੰਧੀ ਰਸੀਦਾਂ ਵੀ ਕੋਲ ਰੱਖਣੀਆਂ ਹੋਣਗੀਆਂ ਕਿਉਂਕਿ ਆਡਿਟ ਹੋਣ ਦੀ ਸੂਰਤ ਵਿੱਚ ਇਹ ਉਨ੍ਹਾਂ ਦੇ ਕੰਮ ਆਉਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਈ ਸਪਲਾਈ ਤੇ ਕੌਨਫੀਡੈਂਸ ਡੀਲ ਦਾ ਧੁਰਾ ਡੈਂਟਲ ਕੇਅਰ ਹੀ ਹੈ। ਲਿਬਰਲਾਂ ਨੇ 2022 ਦੇ ਅੰਤ ਤੱਕ ਫੈਡਰਲ ਡੈਂਟਲ ਕੇਅਰ ਇੰਸ਼ੋਰੈਂਸ ਪ੍ਰੋਗਰਾਮ ਲਾਂਚ ਕਰਨ ਦਾ ਵਾਅਦਾ ਕੀਤਾ ਸੀ। ਇਹ ਵੀ ਤੈਅ ਹੋਇਆ ਸੀ ਕਿ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਪ੍ਰੋਗਰਾਮ ਤਹਿਤ ਪਹਿਲ ਦੇ ਅਧਾਰ ਉੱਤੇ ਕਵਰ ਕੀਤਾ ਜਾਵੇਗਾ।