ਓਟਵਾ, 13 ਅਕਤੂਬਰ : ਕੈਨੇਡਾ ਦੀ ਕੋਵਿਡ-19 ਵੈਕਸੀਨ ਵੰਡ ਦੇ ਇੰਚਾਰਜ ਵਜੋਂ ਬਹਾਲੀ ਲਈ ਕੋਸਿ਼ਸ਼ ਕਰ ਰਹੇ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ ਜਦੋਂ ਫੈਡਰਲ ਕੋਰਟ ਨੇ ਫੈਸਲਾ ਉਨ੍ਹਾਂ ਦੇ ਖਿਲਾਫ ਸੁਣਾਇਆ। ਅਦਾਲਤ ਨੇ ਇਹ ਵੀ ਆਖਿਆ ਕਿ ਫੋਰਟਿਨ ਨੂੰ ਇਸ ਤਰ੍ਹਾਂ ਹਟਾਏ ਜਾਣ ਬਾਰੇ ਪਹਿਲਾਂ ਕੈਨੇਡੀਅਨ ਆਰਮਡ ਫੋਰਸਿਜ਼ ਨਾਲ ਆਪਣੀ ਸਿ਼ਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ।
ਮੰਗਲਵਾਰ ਨੂੰ ਜਾਰੀ ਇਸ ਬਿਆਨ ਵਿੱਚ ਜੱਜ ਐਨ ਮੈਰੀ ਮੈਕਡੌਨਲਡ ਨੇ ਫੋਰਟਿਨ ਦੀ ਗੁਜ਼ਾਰਿਸ਼ ਖਾਰਜ ਕਰ ਦਿੱਤੀ। ਉਨ੍ਹਾਂ ਆਖਿਆ ਕਿ ਇਹ ਮਾਮਲਾ ਅਪਰਿਪੱਕ ਸੀ ਤੇ ਅਦਾਲਤ ਵਿੱਚ ਇਸ ਮਸਲੇ ਦਾ ਹੱਲ ਲੱਭਣ ਲਈ ਆਉਣ ਤੋਂ ਪਹਿਲਾਂ ਇਸ ਸੀਨੀਅਰ ਮਿਲਟਰੀ ਅਧਿਕਾਰੀ ਨੂੰ ਆਪਣੇ ਅੰਦਰੂਨੀ ਮਸਲਿਆਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨਾ ਚਾਹੀਦਾ ਸੀ।
ਸਤੰਬਰ ਵਿੱਚ ਦੋ ਰੋਜ਼ਾ ਸੁਣਵਾਈ ਵਿੱਚ ਜੱਜ ਨੇ ਫੋਰਟਿਨ ਦੀ ਲੀਗਲ ਟੀਮ ਤੇ ਸਰਕਾਰ ਦੇ ਉਸ ਵਿਵਾਦ ਨੂੰ ਸੁਣਿਆ ਜਿਸ ਵਿੱਚ ਸਰਕਾਰ ਵੱਲੋਂ ਇਸ ਸੀਨੀਅਰ ਫੌਜੀ ਅਧਿਕਾਰੀ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ। ਜਿ਼ਕਰਯੋਗ ਹੈ ਕਿ ਫੋਰਟਿਨ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿਹਤ ਮੰਤਰੀ ਪੈਟੀ ਹਾਜ਼ਦੂ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਫੋਰਟਿਨ ਨੂੰ ਹਟਾਉਣ ਲਈ ਸਿਆਸੀ ਦਖਲਅੰਦਾਜ਼ੀ ਕੀਤੀ ਗਈ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਸੀਨੀਅਰ ਮਿਲਟਰੀ ਆਫੀਸਰ ਨੂੰ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਆਫ ਲਾਜਿਸਟਿਕਸ ਐਂਡ ਆਪਰੇਸ਼ਨਜ਼ ਦੀ ਭੂਮਿਕਾ ਤੋਂ ਮਈ ਵਿੱਚ ਉਸ ਸਮੇਂ ਹਟਾ ਦਿੱਤਾ ਗਿਆ ਸੀ ਜਦੋਂ ਮਿਲਟਰੀ ਪੁਲਿਸ ਨੇ ਮੇਜਰ ਖਿਲਾਫ ਜਿਨਸੀ ਮਾਮਲੇ ਵਿੱਚ ਜਾਂਚ ਦੀ ਸ਼ੁਰੂਆਤ ਕੀਤੀ ਸੀ। ਇਹ ਮਾਮਲਾ 1988 ਦਾ ਉਸ ਸਮੇਂ ਦਾ ਸੀ ਜਦੋਂ ਸੇਂਟ ਜੀਨ ਕਿਊਬਿਕ ਵਿੱਚ ਰਾਇਲ ਮਿਲਟਰੀ ਕਾਲਜ ਵਿੱਚ ਫੋਰਟਿਨ ਵਿਦਿਆਰਥੀ ਸਨ।