ਮੁੰਬਈ: ‘ਉੜਤਾ ਪੰਜਾਬ’ ਅਤੇ ‘ਸੂਰਮਾ’ ਸਮੇਤ ਹੋਰ ਫ਼ਿਲਮਾਂ ਵਿੱਚ ਆਪਣਾ ਅਦਾਕਾਰੀ ਦੇ ਜੌਹਰ ਦਿਖਾਉਣ ਵਾਲਾ ਅਦਾਕਾਰ ਤੇ ਗਾਇਕ ਦਲਜੀਤ ਦੁਸਾਂਝ,  ਹੁਣ ਫ਼ਿਲਮ ‘ਦਿ ਕਰਿਊ’ ਵਿੱਚ ਦਿਖਾਈ ਦੇਵੇਗਾ। ਇਸ ਫ਼ਿਲਮ ਵਿੱਚ ਅਦਾਕਾਰਾ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰ਼ਿਤੀ ਸੈਨਨ ਵੀ ਅਹਿਮ ਭੂਮਿਕਾਵਾਂ ਵਿਚ ਹਨ। ਇਹ ਕਾਮੇਡੀ ਫ਼ਿਲਮ ਸੰਘਰਸ਼ਸ਼ੀਲ ਏਅਰਲਾਈਨ ਸਨਅਤ ਵਿਚਲੀਆਂ ਖਾਮੀਆਂ ’ਤੇ ਆਧਾਰਿਤ ਹੈ। ਫ਼ਿਲਮ ਨਿਰਮਾਤਾ ਰੀਆ ਕਪੂਰ ਨੇ ਕਿਹਾ, ‘ਅਸੀਂ ਦਿਲਜੀਤ ਦੇ ਮਿਆਰੀ ਪ੍ਰਾਜੈਕਟਾਂ ਲਈ ਉਸ ਦੀ ਸੂਝ ਨੂੰ ਦੇਖਦੇ ਹੋਏ ਕਲਾਕਾਰਾਂ ਵਿੱਚ ਉਸ ਦੇ ਸ਼ਾਮਲ ਹੋਣ ’ਤੇ ਬਹੁਤ ਖੁਸ਼ ਹਾਂ। ਇਹ ਇਕ ਵੱਖਰੀ ਫ਼ਿਲਮ ਹੈ, ਕਿਉਂਕਿ ਤੁਸੀਂ ਪਹਿਲਾਂ ਕਦੇ ਵੀ ਅਜਿਹੀ ਫ਼ਿਲਮ ਨਹੀਂ ਦੇਖੀ। ਮੈਂ ਅਤੇ ਅਦਾਕਾਰ, ਦਰਸ਼ਕਾਂ ਨੂੰ ਸਿਨੇਮਾ ਦਾ ਯਾਦਗਾਰੀ ਤਜਰਬਾ ਦੇਣ ਲਈ ਬਹੁਤ ਖੁਸ਼ ਹਾਂ।’’ ਫ਼ਿਲਮ ਦੀ ਕਹਾਣੀ ਤਿੰਨ ਔਰਤਾਂ ਦੁਆਲੇ ਘੁੰਮਦੀ ਹੈ, ਜੋ ਕੰਮ ਕਰਦੀਆਂ ਹਨ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਕੁਝ ਅਣਕਿਆਸੀਆਂ ਅਤੇ ਗੈਰ-ਵਾਜਬ ਸਥਿਤੀਆਂ ਵੱਲ ਲੈ ਜਾਂਦੀ ਹੈ। ਇਸ ਨਾਲ ਉਹ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ। ਰਾਜੇਸ਼ ਕ੍ਰਿਸ਼ਨਨ ਵੱਲੋਂ ਨਿਰਦੇਸ਼ਿਤ, ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਅਤੇ ਅਨਿਲ ਕਪੂਰ ਪ੍ਰੋਡਕਸ਼ਨ ਵੱਲੋਂ ਬਣਾਈ ਇਹ ਫਿਲਮ ਇਸ ਸਾਲ ਮਾਰਚ ਮਹੀਨੇ ਦੇ ਅੰਤ ਤੱਕ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।