ਲਵਾਲ,ਕਿਊਬਿਕ, 26 ਮਈ : ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੇ ਦਾਅਵੇਦਾਰਾਂ ਸਕੌਟ ਐਚਿਸਨ, ਰੋਮਨ ਬੇਬਰ, ਪੈਟ੍ਰਿਕ ਬ੍ਰਾਊਨ, ਜੀਨ ਚਾਰੈਸਟ, ਲੈਸਲਿਨ ਲੁਈਸ ਤੇ ਪਿਏਰ ਪੌਲੀਏਵਰ ਵੱਲੋਂ ਬੁੱਧਵਾਰ ਰਾਤ ਨੂੰ ਲਵਾਲ, ਕਿਊਬਿਕ ਵਿੱਚ ਰਸਮੀ ਤੌਰ ਉੱਤੇ ਹੋਈ ਪਾਰਟੀ ਦੀ ਦੂਜੀ ਬਹਿਸ ਵਿੱਚ ਹਿੱਸਾ ਲਿਆ ਗਿਆ।
ਇਹ ਬਹਿਸ ਫਰੈਂਚ ਭਾਸ਼ਾ ਵਿੱਚ ਕੀਤੀ ਗਈ। ਟੈਕਸਸ ਵਿੱਚ ਹੋਈ ਸ਼ੂਟਿੰਗ ਤੋਂ ਬਾਅਦ ਹਥਿਆਰਾਂ ਸਬੰਧੀ ਨਿਯਮਾਂ ਬਾਰੇ ਮੁੜ ਛਿੜੀ ਚਰਚਾ ਬਾਰੇ ਆਗੂਆਂ ਵੱਲੋਂ ਆਪਣੇ ਵਿਚਾਰ ਰੱਖੇ ਜਾਣ ਦੀ ਸੰਭਾਵਨਾ ਰੱਖਣ ਵਾਲਿਆਂ ਨੂੰ ਨਿਰਾਸ਼ ਹੋਣਾ ਪਿਆ ਕਿਉਂਕਿ ਉਮੀਦ ਨਾਲੋਂ ਉਲਟ, ਬਹਿਸ ਵਿੱਚ ਗੰਨ ਕੰਟਰੋਲ ਬਾਰੇ ਕੋਈ ਬਹੁਤੀ ਗੱਲ ਹੀ ਨਹੀਂ ਕੀਤੀ ਗਈ ਸਗੋਂ ਉਮੀਦਵਾਰਾਂ ਵੱਲੋਂ ਮਹਿੰਗਾਈ, ਸਰਕਾਰੀ ਭਾਸ਼ਾਵਾਂ ਤੇ ਵਿਦੇਸ਼ ਨੀਤੀ ਬਾਰੇ ਹੀ ਬਹਿਸ ਕੀਤੀ ਗਈ।
ਬੁੱਧਵਾਰ ਰਾਤ ਨੂੰ ਹੋਈ ਇਸ ਬਹਿਸ ਦਾ ਬਹੁਤਾ ਹਿੱਸਾ ਕਿਊਬਿਕ ਦੇ ਦੋ ਵਿਵਾਦਗ੍ਰਸਤ ਬਿੱਲਾਂ, ਬਿੱਲ 96 ਤੇ ਬਿੱਲ 21, ਦੀ ਭੇਟ ਚੜ੍ਹ ਗਿਆ। ਬ੍ਰਾਊਨ ਨੇ ਤਰਕ ਦਿੱਤਾ ਕਿ ਬਿੱਲ 96 ਕੈਨੇਡਾ ਦੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਖਿਲਾਫ ਹੈ। ਉਨ੍ਹਾਂ ਨੇ ਤੇ ਚਾਰੈਸਟ ਨੇ ਪੌਲਿਏਵਰ ਉੱਤੇ ਦੋਸ਼ ਲਾਇਆ ਕਿ ਬਿੱਲ 21 ਬਾਰੇ ਉਹ ਸਮੇਂ ਸਮੇਂ ਉੱਤੇ ਆਪਣੀ ਰਾਇ ਬਦਲਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਉਹ ਜਿਸ ਕਿਸੇ ਨਾਲ ਗੱਲ ਕਰ ਰਹੇ ਹੰੁਦੇ ਹਨ ਉਸ ਹਿਸਾਬ ਨਾਲ ਕਈ ਵਾਰੀ ਉਹ ਇਸ ਬਿੱਲ ਦਾ ਸਮਰਥਨ ਕਰਦੇ ਹਨ ਤੇ ਕਈ ਵਾਰੀ ਇਸ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਹਨ।
ਪਰ ਪੌਲਿਏਵਰ ਨੇ ਇਸ ਦੋਸ਼ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਹ ਲਗਾਤਾਰ ਇਸ ਬਿੱਲ ਦਾ ਵਿਰੋਧ ਕਰਦੇ ਆਏ ਹਨ ਤੇ ਜੇ ਹਾਊਸ ਆਫ ਕਾਮਨਜ਼ ਵਿੱਚ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਇਸ ਖਿਲਾਫ ਵੋਟ ਪਾਉਣਗੇ। ਚਾਰੈਸਟ ਨੇ ਆਖਿਆ ਕਿ ਫੈਡਰਲ ਸਰਕਾਰ ਨੂੰ ਇਸ ਸਬੰਧ ਵਿੱਚ ਨਿਰਪੱਖ ਪਹੁੰਚ ਨਹੀਂ ਅਪਨਾਉਣੀ ਚਾਹੀਦੀ। ਜਿ਼ਕਰਯੋਗ ਹੈ ਕਿ ਨਿਆਂ ਮੰਤਰੀ ਡੇਵਿਡ ਲਾਮੇਟੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਆਖਿਆ ਸੀ ਕਿ ਜਦੋਂ ਇਹ ਬਿੱਲ ਸੁਪਰੀਮ ਕੋਰਟ ਪਹੁੰਚਣਗੇ ਉਦੋਂ ਓਟਵਾ ਦੋਵਾਂ ਮਾਮਲਿਆਂ ਵਿੱਚ ਦਖਲ ਦੇਣ ਲਈ ਤਿਆਰ ਹੈ।
ਇਸ ਦੌਰਾਨ ਲੁਈਸ ਨੇ ਆਖਿਆ ਕਿ ਬਿੱਲ 96 ਚੰਗਾ ਬਿੱਲ ਨਹੀਂ ਹੈ ਤੇ ਨਾ ਹੀ ਅਜਿਹਾ ਕਰਨਾ ਚੰਗੀ ਪਹੁੰਚ ਹੈ। ਪਰ ਉਨ੍ਹਾਂ ਆਖਿਆ ਕਿ ਫਰੈਂਚ ਭਾਸ਼ਾ ਸਿੱਖਣਾ ਉਨ੍ਹਾਂ ਲਈ ਚੰਗਾ ਤਜ਼ਰਬਾ ਰਿਹਾ।ਬੇਬਰ ਤੇ ਐਚਿਸਨ ਨੇ ਵੀ ਇਨ੍ਹਾਂ ਬਿੱਲਾਂ ਸਬੰਧੀ ਚਿੰਤਾ ਪ੍ਰਗਟਾਈ।ਇਹ ਵੀ ਵੇਖਣ ਵਿੱਚ ਆਇਆ ਕਿ ਚਾਰੈਸਟ ਤੇ ਪੌਲੀਏਵਰ ਫਰੈਂਚ ਭਾਸ਼ਾ ਵਿੱਚ ਬਹਿਸ ਕਰਨ ਵਿੱਚ ਕਾਫੀ ਸਹਿਜ ਸਨ ਜਦਕਿ ਬਾਕੀ ਉਮੀਦਵਾਰਾਂ ਨੂੰ ਇਸ ਭਾਸ਼ਾ ਵਿੱਚ ਗੱਲ ਕਰਨ ਵਿੱਚ ਦਿੱਕਤ ਆ ਰਹੀ ਸੀ।