ਪੱਟੀ, 27 ਸਤੰਬਰ
ਥਾਣਾ ਸਦਰ ਪੱਟੀ ਦੇ ਪਿੰਡ ਗੁਦਾਈਕੇ ਸਥਿਤ ਇੱਕ ਬਹਿਕ ਅੰਦਰ ਦੋ ਨੌਜਵਾਨਾਂ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ (26 ) ਵਾਸੀ ਜੰਡ ਦਾ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਮੋਬਾਈਲ ਫੋਨਾਂ ਦੀ ਭੰਨ ਤੋੜ ਕਰਕੇ ਮੁਲਜ਼ਮ ਭੱਜ ਗਏ ਅਤੇ ਅੱਜ ਸਵੇਰੇ ਘਟਨਾ ਸਥਾਨ ਦੇ ਨੇੜਲੇ ਵਸਨੀਕਾਂ ਵੱਲੋਂ ਮ੍ਰਿਤਕ ਨੌਜਵਾਨਾਂ ਦੇ ਘਰ ਨੌਜਵਾਨਾਂ ਦੇ ਕਤਲ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਸਥਾਨਕ ਪੁਲੀਸ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਪਸ ਵਿੱਚ ਕਰੀਬੀ ਦੋਸਤ ਸਨ ਤੇ ਗੁਰਦਰਸ਼ਨ ਸਿੰਘ ਉਰਫ਼ ਸੋਨਾ ਵਾਸੀ ਜੋਧ ਸਿੰਘ ਵਾਲਾ ਦੀ ਘਟਨਾ ਸਥਾਨ ਵਾਲੀ ਬਹਿਕ ਦੇ ਮਾਲਕ ਮਲਕੀਅਤ ਸਿੰਘ ਨਾਲ ਰਿਸ਼ਤੇਦਾਰੀ ਸੀ। ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਬੀਤੀ ਸ਼ਾਮ ਫੋਨ ਕਰਕੇ ਆਪਣੇ ਰਿਸ਼ਤੇਦਾਰ ਗੁਰਦਰਸ਼ਨ ਸਿੰਘ ਉਰਫ਼ ਸੋਨਾ ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ ਵਾਸੀ ਜੰਡ ਨੂੰ ਆਪਣੀ ਬਹਿਕ ਪਿੰਡ ਗੁਦਾਈਕੇ ਸੱਦਿਆ ਸੀ। ਪੁਲੀਸ ਅਧਿਕਾਰੀ ਮੁਤਾਬਕ ਕਤਲ ਹੋਏ ਨੌਜਵਾਨਾਂ ਦੇ ਆਉਣ ਤੋਂ ਪਹਿਲਾਂ ਮਲਕੀਅਤ ਸਿੰਘ ਵਾਸੀ ਗੁਦਾਈਕੇ ਦੀ ਬਹਿਕ ’ਤੇ ਚਾਰ ਪੰਜ ਵਿਅਕਤੀ ਪਹਿਲਾਂ ਮੌਜੂਦ ਸਨ ਜਿੱਥੇ ਦੋਵਾਂ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।