ਵੈਨਕੂਵਰ, 28 ਅਕਤੂਬਰ

ਪੁਲੀਸ ਵੱਲੋਂ ਕੈਨੇਡਾ ਦੇ ਪਹਾੜੀ ਖੇਤਰ ਰਿੱਝ ਮੀਡੋ ਕੋਲ ਗੋਲਡਨ ਯੀਅਰ ਪ੍ਰੋਵਿਨਸ਼ਲ ਪਾਰਕ ਵਿੱਚ ਘੁੰਮਣ ਗਏ ਦੋ ਸੈਲਾਨੀਆਂ ਨੂੰ ਪੱਗਾਂ ਨਾਲ ਦਰਿਆ ਵਿੱਚੋਂ ਕੱਢਣ ਵਾਲੇ ਦਸਤਾਰਧਾਰੀ ਪੰਜਾਬੀ ਨੌਜਵਾਨਾਂ ਨੂੰ ਕਮਿਊਨਿਟੀ ਲੀਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਤੋਂ ਗਗਨਦੀਪ ਸਿੰਘ, ਅਜੈ ਕੁਮਾਰ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ ਤੇ ਕੁਲਜਿੰਦਰ ਸਿੰਘ ਵਿੱਦਿਅਕ ਵੀਜ਼ੇ ’ਤੇ ਕੈਨੇਡਾ ਆਏ ਹੋਏ ਹਨ ਅਤੇ ਵੱਖ ਵੱਖ ਕਾਲਜਾਂ ਵਿੱਚ ਪੜ੍ਹ ਰਹੇ ਹਨ। ਕੁਝ ਦਿਨ ਪਹਿਲਾਂ ਇਹ ਪੰਜੋਂ ਦੋਸਤ ਰਿੱਜ ਮੀਡੋ ਨੇੜੇ ਪਹਾੜੀ ਝਰਨੇ ਕੋਲ ਘੁੰਮਣ ਗਏ ਹੋਏ ਸਨ। ਅਚਾਨਕ ਉਨ੍ਹਾਂ ਨੂੰ ‘ਬਚਾਓ ਬਚਾਓ’ ਦੀ ਆਵਾਜ਼ ਸੁਣੀ। ਉਨ੍ਹਾਂ ਵੇਖਿਆ ਕਿ ਦੋ ਸੈਲਾਨੀ ਪਾਣੀ ਦੇ ਤੇਜ਼ ਵਹਾਅ ਵਿੱਚ ਫਸੇ ਹੋਏ ਹਨ। ਇਨ੍ਹਾਂ ਮੁੰਡਿਆਂ ਨੇ ਆਪਣੀਆਂ ਦਸਤਾਰਾਂ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚਾਈ। ਰਿਡ ਮੀਡੋ ਪੁਲੀਸ ਨੇ ਕਿਹਾ ਕਿ ਜੇ ਇਹ ਵਿਦਿਆਰਥੀ ਮਦਦ ਨਾ ਕਰਦੇ ਤਾਂ ਦੋਵਾਂ ਵਿਅਕਤੀਆਂ ਦੀ ਜਾਨ ਜਾ ਸਕਦੀ ਸੀ। ਕਈ ਹੋਰ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਇਸ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਮੁੰਡਿਆਂ ਨੇ ਦਸਤਾਰ ਦੀ ਸ਼ਾਨ ਵਧਾਈ ਹੈ।