ਚੰਡੀਗੜ੍ਹ, 27 ਸਤੰਬਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੂੰ ਮੰਤਰੀ ਮੰਡਲ ’ਤੇ ਭਰੋਸਾ ਹੈ। ਹਰਪਾਲ ਚੀਮਾ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਸ ਨੂੰ ਪਾਸ ਕਰਨ ਦੀ ਸਿਫਾਰਸ਼ ਕੀਤੀ। ਇਸ ਤੋਂ ਪਹਿਲਾਂ ਸਪੀਕਰ ਨੇ ਮੁੜ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਅਤੇ ਸਟਾਫ ਨੂੰ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਜਦੋਂ ਮਾਰਸ਼ਲਾਂ ਨੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਤਰਾਜ਼ ਜਤਾਇਆ। ਅੰਤ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ। ਸਪੀਕਰ ਵੱਲੋਂ ਸੈਸ਼ਨ ਮੁਲਤਵੀ ਕੀਤੇ ਜਾਣ ਅਤੇ ਵਿਧਾਨ ਸਭਾ ਸਟਾਫ਼ ਦੇ ਕਹਿਣ ’ਤੇ ਕਾਂਗਰਸੀ ਵਿਧਾਇਕ ਸਦਨ ਵਿੱਚੋਂ ਚਲੇ ਗਏ ਤਾਂ ਮਾਲੇਰਕੋਟਲਾ ਦੇ ‘ਆਪ’ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ, ‘’ਹਮ ਤੋ ਵੋਹ ਸ਼ਾਇਰ ਹੈਂ ਜੋ ਵਕਤ ਪੜੇ ਤੋ ਤਲਵਾਰ ਭੀ ਉਠਾ ਲੇਤੇ ਹੈਂ।’
ਅੱਜ ਸਵੇਰ ਵੇਲੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਇਆ। ਸਦਨ ਨੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸੇ ਦਾ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਂਗਰਸੀ ਵਿਧਾਇਕਾਂ ਨੇ ਸਦਨ ਵਿਚ ਹੰਗਾਮਾ ਕੀਤਾ।