ਚੰਡੀਗੜ੍ਹ, 21 ਜਨਵਰੀ

ਪੰਜਾਬ ਪੁਲੀਸ ਨੇ ਸ਼ੁੱਕਰਵਾਰ ਨੂੰ ਗੁਰਦਾਸਪੁਰ ਇਲਾਕੇ ਵਿੱਚ 3.79 ਕਿਲੋ ਆਰਡੀਐੱਕਸ, ਗ੍ਰਿਨੇਡ ਲਾਂਚਰ ਤੇ ਟਾਈਮਰ ਡਿਵਾਈਸ ਦੇ ਦੋ ਸੈੱਟ ਬਰਾਮਦ ਕੀਤੇ ਹਨ ਤੇ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸੰਭਾਵਿਤ ਅਤਿਵਾਦੀ ਹਮਲੇ ਨੂੰ ਟਾਲ ਦਿੱਤਾ ਹੈ। ਬਾਰਡਰ ਰੇਂਜ ਦੇ ਇੰਸਪੈਕਟਰ-ਜਨਰਲ ਆਫ ਪੁਲੀਸ (ਆਈਜੀਪੀ) ਮੋਹਨੀਸ਼ ਚਾਵਲਾ ਨੇ ਦੱਸਿਆ ਕਿ 40 ਐੱਮਐੱਮ ਦਾ ਅੰਡਰ ਬੈਰਲ ਗ੍ਰਿਨੇਡ ਲਾਂਚਰ ਕਿਸੇ ਵੀ ਵੀਵੀਆਈਪੀ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਸੀ। ਪੁਲੀਸ ਨੇ ਇਹ ਧਮਾਕਾਖੇਜ਼ ਸਮੱਗਰੀ ਤੇ ਹਥਿਆਰ ਗੁਰਦਾਸਪੁਰ ਇਲਾਕੇ ਦੇ ਪਿੰਡ ਗਾਜ਼ੀਕੋਟ ਦੇ ਵਸਨੀਕ ਮਲਕੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਹਨ। ਉਸ ਨੂੰ ਵੀਰਵਾਰ ਨੂੰ ਖੁਫੀਆ ਜਾਣਕਾਰੀ ਤਹਿਤ ਗੁਰਦਾਸਪੁਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਸ੍ਰੀ ਚਾਵਲਾ ਨੇ ਦੱਸਿਆ ਕਿ ਹਥਿਆਰਾਂ ਦਾ ਇਹ ਜ਼ਖੀਰਾ ਸਰਹੱਦੋਂ ਪਾਰ ਪਾਕਿਸਤਾਨ ਆਧਾਰਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਵੱਲੋਂ ਭੇਜਿਆ ਗਿਆ ਹੈ।