ਚੰਡੀਗੜ੍ਹ, 5 ਅਗਸਤ
ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੰਜਾਬ ਪੁਲੀਸ ਵਲੋਂ 7 ਸਰਹੱਦੀ ਜ਼ਿਲ੍ਹਿਆਂ ਵਿਚ ਕੀਤੀ ਵਿਸ਼ੇਸ਼ ਨਾਕਾਬੰਦੀ ਦਾ ਦੇਰ ਰਾਤ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਡਾ. ਨਰੇਸ਼ ਅਰੋੜਾ ਨੇ ਜਾਇਜ਼ਾ ਲਿਆ। ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਸਰਹੱਦੀ ਖੇਤਰ ‘ਚ ਜਾਇਜ਼ਾ ਲੈਣ ਪਹੁੰਚੇ ਏਡੀਜੀਪੀ ਨੇ ਅਜਨਾਲਾ ਨੇੜਲੇ ਪਿੰਡ ਜਗਦੇਵ ਖ਼ੁਰਦ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ 7 ਜ਼ਿਲ੍ਹਿਆਂ ਅੰਦਰ ਕਰੀਬ 100 ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਕਰਕੇ 2500 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਬੀਐੱਸਐੱਫ ਦੇ ਨਾਲ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ 550 ਕਿਲੋਮੀਟਰ ਦੇ ਘੇਰੇ ਵਿੱਚ ਪੰਜਾਬ ਦੇ ਸੱਤ ਸਰਹੱਦੀ ਪੁਲੀਸ ਜ਼ਿਲ੍ਹਿਆਂ ਵਿੱਚ ਅੰਮਿ੍ਤਸਰ ਦਿਹਾਤੀ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਬਟਾਲਾ ਸਮੇਤ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮੁਹਿੰਮ ਆਈਜੀ ਅਤੇ ਡੀਆਈਜੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਚੱਲੀ।