ਅੰਮ੍ਰਿਤਸਰ, 23 ਨਵੰਬਰ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ’ਚ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਪਰ ਆਮ ਆਦਮੀ ਪਾਰਟੀ ਢੁਕਵੇਂ ਸਮੇਂ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਨ। ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 25 ਦੇ ਕਰੀਬ ਵਿਧਾਇਕ ਤੇ ਕੁੱਝ ਸੰਸਦ ਮੈਂਬਰ ‘ਆਪ’ ਦੇ ਸੰਪਰਕ ‘ਚ ਹਨ ਪਰ ਉਹ ਕਾਂਗਰਸ ਦਾ ਕੂੜਾ ਪਾਰਟੀ ’ਚ ਸ਼ਾਮਲ ਨਹੀਂ ਕਰਨਾ ਚਾਹੁੰਦੇ। ਇਥੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਅਧਿਆਪਕ ਵਰਗ ਨੂੰ ਗਾਰੰਟੀ ਦਿੱਤੀ ਹੈ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਮਗਰੋਂ ਸਾਰੇ ਕੱਚੇ ਅਤੇ ਠੇਕਾ ਆਧਾਰਤ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਨਵੀਂ ਟਰਾਂਸਫਰ ਨੀਤੀ ਬਣਾਈ ਜਾਵੇਗੀ ਜਿਸ ਤਹਿਤ ਅਧਿਆਪਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਕੂਲਾਂ ਵਿਚ ਤਾਇਨਾਤ ਕੀਤਾ ਜਾਵੇਗਾ। ਅਧਿਆਪਕਾਂ ਕੋਲੋਂ ਸਿਰਫ਼ ਅਧਿਆਪਨ ਦਾ ਕੰਮ ਹੀ ਲਿਆ ਜਾਵੇਗਾ। ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਖਾਲੀ ਸਾਰੀਆਂ ਆਸਾਮੀਆਂ ਭਰੀਆਂ ਜਾਣਗੀਆਂ, ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਵਿਦੇਸ਼ ਅਤੇ ਦੇਸ਼ ਦੇ ਮੈਨੇਜਮੈਂਟ ਅਦਾਰਿਆਂ ਵਿਚ ਭੇਜਿਆ ਜਾਵੇਗਾ, ਅਧਿਆਪਕਾਂ ਦੀਆਂ ਤਰੱਕੀਆਂ ਸਮਾਂਬੱਧ ਹੋਣਗੀਆਂ ਅਤੇ ਸਾਰੇ ਅਧਿਆਪਕਾਂ ਦਾ ਕੈਸ਼ਲੈੱਸ ਸਿਹਤ ਬੀਮਾ ਹੋਵੇਗਾ। ਇਸ ਮੌਕੇ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਦੀ ਸ਼ਲਾਘਾ ਕੀਤੀ।