ਨਵੀਂ ਦਿੱਲੀ, 11 ਜਨਵਰੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 13 ਜਨਵਰੀ ਨੂੰ ਸ਼ਾਮ ਵੇਲੇ ਹੋਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਦੇਸ਼ ਗਏ ਹੋਏ ਸਨ ਤੇ ਉਹ ਸੋਮਵਾਰ ਹੀ ਪਰਤੇ ਹਨ ਤੇ ਉਨ੍ਹਾਂ ਨੇ ਚੋਣਾਂ ਦੀ ਰਣਨੀਤੀ ਸਬੰਧੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਤਰਾਂ ਅਨੁਸਾਰ ਚੋਣ ਕਮੇਟੀ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀਰਵਾਰ ਨੂੰ ਰਿਲੀਜ਼ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਕਰਵਾਈ ਜਾਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਸੋਨੀਆ ਗਾਂਧੀ ਵੱਲੋਂ ਵਰਚੁਅਲ ਢੰਗ ਨਾਲ ਕੀਤੀ ਜਾਵੇਗੀ। ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਹਨ, ਵਰਚੁਅਲ ਢੰਗ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।