ਹੈਦਰਾਬਾਦ:ਬੌਲੀਵੁੱਡ ਦਾ ਉੱਘਾ ਅਦਾਕਾਰ ਅਮਿਤਾਭ ਬਚਨ ਇਨ੍ਹੀਂ ਦਿਨੀਂ ਅਦਾਕਾਰ ਪ੍ਰਭਾਸ ਦੀ ਫਿਲਮ ‘ਪ੍ਰੋਜੈਕਟ ਕੇ’ ਦੀ ਹੈਦਰਾਬਾਦ ਵਿੱਚ ਸ਼ੂਟਿੰਗ ਕਰ ਰਿਹਾ ਹੈ। ਅਮਿਤਾਭ ਬੱਚਨ ਨੇ ਦੋ ਭਾਸ਼ਾਵਾਂ ਵਿੱਚ ਸ਼ੂਟਿੰਗ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਰੋਮਾਂਚਕ ਹੈ ਪਰ ਕੰਮ ਦਾ ਬਹੁਤ ਬੋਝ ਹੈ। ਅਮਿਤਾਭ ਨੇ ਆਪਣੇ ਬਲੌਗ ’ਤੇ ਲਿਖਿਆ ਹੈ ਕਿ ਕੰਮ ਦੇ ਬੋਝ ਕਾਰਨ ਉਸ ਦੀ ਨੀਂਦ ਉੱਡ ਗਈ ਹੈ। ਉਸ ਨੇ ਲਿਖਿਆ ਕਿ ਦੋ ਭਾਸ਼ਾਵਾਂ ਵਿੱਚ ਕੰਮ ਕਰਨ ਦਾ ਆਪਣਾ ਮਜ਼ਾ ਹੈ ਪਰ ਕੰਮ ਦੇ ਭਾਰ ਕਾਰਨ ਸਮੱਸਿਆ ਆ ਰਹੀ ਹੈ।  ਫ਼ਿਲਮ ‘ਪ੍ਰੋਜੈਕਟ ਕੇ’ ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ ਜਿਸ ਵਿੱਚ ਪ੍ਰਭਾਸ ਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾਵਾਂ ਵਿਚ ਹਨ। ਦੀਪਿਕਾ ਤੇ ਪ੍ਰਭਾਸ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ। ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਅਦਾਕਾਰਾ ਦੀਪਿਕਾ ਦੀ ਸ਼ੂਟਿੰਗ ਦੌਰਾਨ ਤਬੀਅਤ ਵਿਗੜ ਗਈ ਸੀ ਜਿਸ ਕਰ ਕੇ ਉਸ ਨੂੰ ਹਸਪਤਾਲ ਲਿਜਾਣਾ ਪਿਆ ਸੀ। ਅਦਾਕਾਰਾ ਦਿਸ਼ਾ ਪਟਾਨੀ ਵੀ ਫਿਲਮ ਦਾ ਹਿੱਸਾ ਹੈ। ‘ਪ੍ਰੋਜੈਕਟ ਕੇ’ ਨੂੰ 400 ਕਰੋੜ ਦੇ ਵੱਡੇ ਬਜਟ ਨਾਲ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਅਦਾਕਾਰਾਂ ਦੀਆਂ ਭੂਮਿਕਾਵਾਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।