ਮੁੰਬਈ:ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਸੀਰੀਜ਼ ‘ਸਿਟਾਡੇਲ’ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। 39 ਸਾਲਾ ਅਦਾਕਾਰਾ ਨੇ ਆਪਣੀ ਧੀ ਦੀ ਘਰ ਵਾਪਸੀ ਤੌਂ ਇਕ ਦਿਨ ਬਾਅਦ ਸੈੱਟ ’ਤੇ ਵਾਪਸੀ ਕੀਤੀ ਹੈ। ਅਦਾਕਾਰਾ ਦੀ ਧੀ ਨੂੰ 100 ਦਿਨ ਤੋਂ ਵੱਧ ਲਾਂਸ ਏਂਜਲਸ ਦੇ ਇੱਕ ਹਸਪਤਾਲ ਦੇ ਨੀਓਨੇਟਲ ਇਨਟੈਂਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਅਦਾਕਾਰਾ ਪ੍ਰਿਯੰਕਾ ਤੇ ਉਸ ਦਾ ਪੌਪ ਸਟਾਰ ਪਤੀ ਨਿੱਕ ਜੋਨਸ ਇਸੇ ਸਾਲ ਜਨਵਰੀ ਮਹੀਨੇ ਕਿਰਾਏ ਦੀ ਕੁੱਖ ਰਾਹੀਂ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਇੱਕ ਸੈਲਫੀ ਸਾਂਝੀ ਕਰਦਿਆਂ ਆਖਿਆ, ‘‘ਕੰਮ ’ਤੇ ਵਾਪਸੀ… ਸਿਟਾਡੇਲ..!’ ਜਾਣਕਾਰੀ ਅਨੁਸਾਰ ‘ਸਿਟਾਡੇਲ’ ਇੱਕ ਮਲਟੀ-ਸੀਰੀਜ਼ ਫ੍ਰੈਂਚਾਈਜ਼ੀ ਹੈ, ਜਿਸ ਨੂੰ ਇਟਲੀ, ਭਾਰਤ ਅਤੇ ਮੈਕਸਿਕੋ ਵਿੱਚ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਇਸ ਨੂੰ ‘ਦਿ ਫੈਮਿਲੀ ਮੈਨ’ ਨਾਲ ਪ੍ਰਸਿੱਧ ਹੋਏ ਨਿਰਦੇਸ਼ਕ ਰਾਜ ਨਿਧੀਮੋਰੂ ਅਤੇ ਕ੍ਰਿਸ਼ਨਾ ਡੀਕੇ ਦੋਵੇਂ ਮਿਲ ਕੇ ਬਣਾਉਣਗੇ। ਇਸ ਤੋਂ ਇਲਾਵਾ ਪ੍ਰਿਯੰਕਾ ਆਪਣੀ ਫ਼ਿਲਮ ‘ਇੱਟਸ ਆਲ ਕਮਿੰਗ ਟੂ ਮੀ ਫਿਲਮਜ਼’ ਅਤੇ ਫਰਹਾਨ ਅਖ਼ਤਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ ‘ਜੀ ਲੇ ਜ਼ਰਾ’ ਵਿੱਚ ਦਿਖਾਈ ਦੇਵੇਗੀ। ਇਸ ਫ਼ਿਲਮ ਵਿੱਚ ਕੈਟਰੀਨਾ ਕੈਫ ਤੇ ਆਲੀਆ ਭੱਟ ਵੀ ਨਜ਼ਰ ਆਉਣਗੀਆਂ।