ਮੁੰਬਈ:ਨਾਗ ਅਸ਼ਵਿਨ ਦੀ ਫਿਲਮ ‘ਪ੍ਰਾਜੈਕਟ ਕੇ’ ਵਿੱਚ ਪ੍ਰਭਾਸ, ਦੀਪਿਕਾ ਪਾਦੂਕੋਨ ਤੇ ਅਮਿਤਾਭ ਬੱਚਨ ਨਾਲ ਹੁਣ ਅਦਾਕਾਰਾ ਦਿਸ਼ਾ ਪਟਾਨੀ ਵੀ ਕੰਮ ਕਰੇਗੀ। ਇਸ ਬਹੁ-ਭਾਸ਼ੀ ਮਨੋਵਿਗਿਆਨਕ ਫਿਲਮ ਦਾ ਨਿਰਮਾਣ ਵਿਜਯੰਤੀ ਮੂਵੀਜ਼ ਦੇ ਬੈਨਰ ਹੇਠ ਹੋਵੇਗਾ। ਅਦਾਕਾਰਾ ਨੇ ਇਸ ਸਬੰਧੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕਰਦਿਆਂ ਫਿਲਮ ਨਿਰਮਾਤਾਵਾਂ ਵੱਲੋਂ ਭੇਜੇ ਤੋਹਫ਼ੇ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤੋਹਫ਼ੇ ’ਤੇ ਲਿਖਿਆ ਹੈ, ‘ਪਿਆਰੀ ਦਿਸ਼ਾ ਪ੍ਰਾਜੈਕਟ ਕੇ ਤੁਹਾਡਾ ਸਵਾਗਤ ਕਰਦਾ ਹੈ। ਅਸੀਂ ਤੁਹਾਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਕੇ ਬਹੁਤ ਹੀ ਖੁਸ਼ ਹਾਂ।’ ਇਸ ਸੰਦੇਸ਼ ਨਾਲ ਵਿਜਯੰਤੀ ਮੂਵੀਜ਼ ਵੱਲੋਂ ਦਸਤਖ਼ਤ ਵੀ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਦਿਸ਼ਾ ਨੇ ‘ਮਲੰਗ’ ਤੇ ‘ਰਾਧੇ: ਯੂਅਰ ਮੋਸਟ ਵਾਂਟਿਡ ਭਾਈ’ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਦਿਸ਼ਾ ਦੀਆਂ ‘ਏਕ ਵਿਲੇਨ ਰਿਟਰਨਜ਼’ ਅਤੇ ‘ਯੋਧਾ’ ਵੀ ਰਿਲੀਜ਼ ਹੋਣ ਵਾਲੀਆਂ ਹਨ।