ਮੁੰਬਈ:ਫਿਲਮ ‘ਰਾਧੇ’ ਵਿੱਚ ਪ੍ਰਭੂਦੇਵਾ ਨਾਲ ਕੰਮ ਕਰਨ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਕੋਰੀਓਗ੍ਰਾਫਰ ਤੇ ਫਿਲਮ ਨਿਰਮਾਤਾ ਪ੍ਰਭੂਦੇਵਾ ਨੂੰ ਚੀਜ਼ਾਂ ਵਿੱਚ ਸੁਧਾਰ ਲਿਆਉਣਾ ਪਸੰਦ ਹੈ। ਉਸ ਨੇ ਕਿਹਾ, ‘‘ਜਦੋਂ ਮੈਨੂੰ ‘ਰਾਧੇ’ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਮੈਂ ਫਿਲਮ ਵਿੱਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਸੀ। ਕਿਸੇ ਵੀ ਪ੍ਰਾਜੈਕਟ ’ਤੇ ਕੰਮ ਕਰਨ ਨਾਲ ਕੁੱਝ ਸਿੱਖਣ ਨੂੰ ਮਿਲਦਾ ਹੈ। ਪ੍ਰਭੂ ਸਰ ਮੌਕੇ ’ਤੇ ਚੀਜ਼ਾਂ ’ਚ ਸੁਧਾਰ ਕਰਨਾ ਪਸੰਦ ਕਰਦੇ ਹਨ ਜਦੋਂ ਕਿ ਮੈਨੂੰ ਪਹਿਲਾਂ ਹੀ ਤਿਆਰ ਹੋ ਕੇ ਸੈੱਟ ’ਤੇ ਜਾਣ ਦੀ ਆਦਤ ਹੈ।’’ 29 ਸਾਲਾ ਅਦਾਕਾਰਾ ਨੇ ਕਿਹਾ, ‘‘ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਤੇ ਇਸ ਫਿਲਮ ਵਿੱਚ ‘ਸੀਟੀ ਮਾਰ’ ਵਰਗੇ ਕੁਝ ਬਹੁਤ ਹੀ ਮਨੋਰੰਜਕ ਗੀਤ ਹਨ। ਮੈਂ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੀ ਆਸ ਕਰਦੀ ਹਾਂ।’’ ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਰਾਧੇ’ ਦਾ ਟੀਵੀ ਪ੍ਰੀਮੀਅਰ 5 ਸਤੰਬਰ ਨੂੰ ਜ਼ੀ ਸਿਨੇਮਾ ’ਤੇ ਹੋਵੇਗਾ।