ਮਨਜੀਤ ਕੌਰ ਸੱਪਲ

ਲੇਖਕ-ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਦੀ ਨਵੀਂ ਫਿਲਮ ‘ਲੌਂਗ ਲਾਚੀ 2’ ਤਿੰਨ ਸਾਲ ਪਹਿਲਾਂ ਆਈ ਉਸ ਦੀ ਸੁਪਰਹਿੱਟ ਰਹੀ ਫਿਲਮ ‘ਲੌਂਗ ਲਾਚੀ’ ਦਾ ਸੀਕੁਏਲ ਹੈ, ਪਰ ਫਿਲਮ ਦੀ ਕਹਾਣੀ ਨੂੰ ਵੇਖੀਏ ਤਾਂ ਪਹਿਲੀ ਨਾਲੋਂ ਬਹੁਤ ਹਟਵੇਂ ਤੇ ਨਿਵੇਕਲੇ ਵਿਸ਼ੇ ’ਤੇ ਆਧਾਰਿਤ ਹੈ ਜੋ ਦਰਸ਼ਕਾਂ ਨੂੰ ਪਹਿਲੀ ਫਿਲਮ ਨਾਲ ਮੇਲ ਖਾਂਦੀ ਨਵੀਂ ਕਹਾਣੀ ਨਾਲ ਜੋੜਦੀ ਹੈ। ਪਹਿਲੀ ਫਿਲਮ ਪੰਜਾਬ ਦੇ ਇੱਕ ਸਧਾਰਨ ਪਿੰਡ ਵਿੱਚੋਂ ਪੈਦਾ ਹੋਏ ਤੇ ਅਣਗੌਲੇ ਗਾਇਕਾਂ ਦੇ ਸੰਘਰਸ਼ ਅਤੇ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਦੀ ਗੱਲ ਕਰਦੀ ਸੀ। ਉਸ ਫਿਲਮ ਵਿੱਚ ਨਾਇਕਾ ਲਾਚੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਤੋਂ ਪਹਿਲਾਂ ਦੇ ਪਿਆਰ ਨੂੰ ਮਹਿਸੂਸ ਕਰਨ ਲਈ ਓਪਰਿਆਂ ਵਾਂਗ ਜ਼ਿੰਦਗੀ ਵਿੱਚ ਵਿਚਰਨਾ ਹੈ, ਜਦੋਂਕਿ ਇਸ ਫਿਲਮ ਵਿੱਚ ਉਸ ਦਾ ਸੁਪਨਾ ਹੈ ਕਿ ਜੇਕਰ ਆਪਾਂ 1947 ਦੀ ਵੰਡ ਤੋਂ ਪਹਿਲਾਂ ਮਿਲੇ ਹੁੰਦੇ ਤੇ ਕਿਸੇ ਹੋਰ ਧਰਮਾਂ ਦੇ ਹੁੰਦੇ ਤਾਂ ਕਿਵੇੇਂ ਦੀ ਜ਼ਿੰਦਗੀ ਹੋਣੀ ਸੀ, ਬਸ…ਉਸ ਦੀ ਇਸੇ ਸੋਚ ਨੂੰ ਪੂਰਾ ਕਰਨ ਲਈ ਫਿਲਮ ਦੀ ਕਹਾਣੀ ਭਾਰਤ ਪਾਕਿਸਤਾਨ ਦੇ ਸਾਂਝੇਪਣ ਦੇ ਸਮਿਆਂ ਵਿੱਚ ਪਹੁੰਚ ਜਾਂਦੀ ਹੈ ਤੇ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜਦੀ ਹੈ।
ਸਮੇਂ ਦੇ ਮੁਤਾਬਕ ਫਿਲਮ ਵਿੱਚ ਲੋਕੇਸ਼ਨ, ਪਹਿਰਾਵਾ ਤੇ ਬੋਲੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਫਿਲਮ ਵਿੱਚ ਵਿਖਾਏ ਵੰਡ ਤੋਂ ਪਹਿਲਾਂ ਦੇ ਪਿੰਡਾਂ ਦਾ ਮਾਹੌਲ ਤੇ ਸੱਭਿਆਚਾਰ ਪ੍ਰਭਾਵਿਤ ਕਰਦਾ ਹੈ। ਮਨੋਰੰਜਨ ਦੀ ਇਸ ਨਵੀਂ ਖੋਜ ਵਿੱਚ ਅਨੇਕਾਂ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਨੂੰ ਹੈਰਾਨ ਤੇ ਰੁਮਾਂਚਿਕ ਕਰਦੇ ਹਨ। ਐਮੀ ਵਿਰਕ ਦਾ ਕਿਰਦਾਰ ਪਹਿਲੀ ਫਿਲਮ ਨਾਲੋਂ ਵਧੇਰੇ ਦਿਲਚਸਪ ਹੈ। ਐਮੀ ਵਿਰਕ, ਅੰਬਰਦੀਪ ਤੇ ਨੀਰੂ ਬਾਜਵਾ ਨੂੰ ਵੇਖਦਿਆਂ ਇਹ ਫਿਲਮ ਤਿਕੋਣੇ ਪਿਆਰ ਦੀ ਕਹਾਣੀ ਪ੍ਰਤੀਤ ਹੁੰਦੀ ਹੈ, ਪਰ ਅਸਲ ਸੱਚਾਈ ਦਾ ਪਤਾ ਸਿਨਮਾ ਘਰਾਂ ਵਿੱਚ ਫਿਲਮ ਵੇਖਦਿਆਂ ਹੀ ਲੱਗੇਗਾ। ਇਸ ਫਿਲਮ ਵਿਚਲਾ ਇੱਕ ਨਵਾਂਪਣ ਇਹ ਵੀ ਹੈ ਕਿ ਅਖਾੜਿਆਂ ਦੀ ਸ਼ਾਨ ਰਹੀ ਮਾਲਵੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਨੂੰ ਵੀ ਦਰਸ਼ਕ ਪਹਿਲੀ ਵਾਰ ਵੱਡੇ ਪਰਦੇ ’ਤੇ ਵੇਖਣਗੇ। ਇਸ ਤੋਂ ਇਲਾਵਾ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਦਾ ਵੀ ਇਸ ਫਿਲਮ ਵਿੱਚ ਅਹਿਮ ਕਿਰਦਾਰ ਹੈ।

ਵਿਲੇਜਰਜ਼ ਫਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਨੂੰ ਅੰਬਰਦੀਪ ਨੇ ਡਾਇਰੈਕਟ ਕੀਤਾ ਹੈ। ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ, ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ, ਸੁਖਵਿੰਦਰ ਰਾਜ, ਕੁਲਦੀਪ ਸ਼ਰਮਾ ਆਦਿ ਕਲਾਕਾਰਾਂ ਨੇ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਗੀਤਾਂ ਦੀ ਗੱਲ ਕਰੀਏ ਤਾਂ ਪਹਿਲੀ ਫਿਲਮ ਦਾ ਟਾਈਟਲ ਗੀਤ ‘ਵੇ ਤੂੰ ਲੋਂਗ ਤੇ ਮੈਂ ਲਾਚੀ…’ ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹਰਮਨਜੀਤ ਸਿੰਘ ਦਾ ਲਿਖਿਆ ਤੇ ਮੰਨਤ ਨੂਰ ਦਾ ਗਾਇਆ ਇਹ ਗੀਤ ਯੂ-ਟਿਊਬ ਦੀ ਦੁਨੀਆ ਵਿੱਚ ਭਾਰਤ ਪੱਧਰ ’ਤੇ ਪਹਿਲਾ ਗੀਤ ਸੀ ਜਿਸ ਨੇ ਬੌਲੀਵੁੱਡ ਗੀਤਾਂ ਨੂੰ ਪਛਾੜ ਦਿੱਤਾ। ਇਸ ਫਿਲਮ ਦੇ ਗੀਤ ਵੀ ਕਾਫ਼ੀ ਵਧੀਆ ਹਨ, ਜਿਨ੍ਹਾਂ ਨੂੰ ਹਰਮਨਜੀਤ ਸਿੰਘ, ਪਵਿੱਤਰ ਲਸੋਈ, ਕੇ ਵੀ ਰਿਆਜ਼ ਤੇ ਬਿੰਦਰ ਨੱਥੂਮਾਜਰਾ ਨੇ ਲਿਖਿਆ ਹੈ ਤੇ ਐਮੀ ਵਿਰਕ, ਸਿਮਰਨ ਭਾਰਦਵਾਜ, ਅਮਰ ਨੂੁਰੀ, ਜਸਵਿੰਦਰ ਬਰਾੜ ਤੇ ਪਵਿੱਤਰ ਲਸੋਈ ਨੇ ਗਾਇਆ ਹੈ।