ਲੁਧਿਆਣਾ, 19 ਸਤੰਬਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਅੱਜ ਬੜੇ ਜੋਸ਼ੋ-ਖਰੋਸ਼ ਨਾਲ ਆਰੰਭ ਹੋਇਆ। ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੀਆਂ 8 ਨਾਮੀ ਹਾਕੀ ਅਕੈਡਮੀਆਂ ਭਾਗ ਲੈ ਰਹੀਆਂ ਹਨ। ਉਦਘਾਟਨ ਸਮਾਰੋਹ ਦੇ ਵਿੱ ਓਲੰਪੀਅਨ ਡਾ. ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਵੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਡਾ. ਅਸ਼ੋਕ ਨੇ ਕਿਹਾ ਕਿਯੂਨੀਵਰਸਿਟੀ ਨੇ ਬੇਮਿਸਾਲ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਉਹਨਾਂ ਵਿਸ਼ੇਸ਼ ਕਰਕੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਡਾ. ਗੋਸਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਤਿੰਨ ਓਲੰਪੀਅਨ ਪੈਦਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜਦਕਿ ਇਸ ਯੂਨੀਵਰਸਿਟੀ ਦੇ ਦੋ ਸਾਬਕਾ ਵਿਦਿਆਰਥੀ ਵਿਸ਼ਵ ਕੱਪ ਵਿੱਚ ਭਾਗ ਲੈ ਚੁੱਕੇ ਹਨ। ਪੀ.ਏ.ਯੂ. ਸਪੋਰਟਸ ਐਸੋਸੀਏਸਨ ਦੇ ਪ੍ਰਧਾਨ ਡਾ. ਵਿਸਵਜੀਤ ਸਿੰਘ ਹਾਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਡਾ. ਅਰਜੁਨ ਸਿੰਘ ਭੁੱਲਰ ਕੱਪ ਅਤੇ 30,000 ਰੁਪਏ ਨਕਦ ਰਾਸ਼ੀ ਅਤੇ ਉਪ ਜੇਤੂ ਟੀਮ ਨੂੰ 15,000 ਰੁਪਏ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ।

ਲੀਗ ਮੈਚਾਂ ਵਿੱਚ ਅੱਜ ਢੋਲਣ ਅਕੈਡਮੀ, ਮਾਲਵਾ ਅਕੈਡਮੀ, ਮੁਹਾਲੀ ਅਕੈਡਮੀ, ਅਤੇ ਕਿਲਾ ਰਾਏਪੁਰ ਦੀਆਂ ਟੀਮਾਂ ਨੇ ਆਪੋ ਆਪਣੇ ਮੈਚ ਜਿੱਤੇ ਹਨ। ਅੱਜ ਦੇ ਮੈਚਾਂ ਵਿੱਚੋਂ ਢੋਲਣ ਅਕੇੈਡਮੀ ਦਾ ਜਸਕਰਨ ਸਿੰਘ, ਕਿਲ੍ਹਾ ਰਾਏਪੁਰ ਦਾ ਸੁਖਜੀਤ ਸਿੰਘ ਅਤੇ ਰੂਮੀ ਅਕੈਡਮੀ ਤੋਂ ਦਲਵੀਰ ਸਿੰਘ ਸਰਵੋਤਮ ਖਿਡਾਰੀ ਚੁਣੇ ਗਏ। ਅੱਜ ਦੇ ਦੂਜੇ ਮੈਚ ਵਿੱਚ ਓਲੰਪੀਅਨ ਹਰਦੀਪ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ ਵੀ ਸ਼ਾਮਲ ਹੋਏ। ਐਸੋਸੀਏਸਨ ਦੇ ਸਕੱਤਰ ਡਾ. ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਵਿੱਚ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੀਏਯੂ ਵੈਟਰਨਰੀ ’ਵਰਸਿਟੀ ਦੇ ਅਧਿਕਾਰੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।