ਲੰਡਨ, 

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਡਾਊਨਿੰਗ ਸਟ੍ਰੀਟ ਵਿੱਚ ਲੌਕਡਾਊਨ ਦਾ ਉਲੰਘਣ ਕਰਨ ਵਾਲੀਆਂ ਪਾਰਟੀਆਂ ਲਈ ਸੋਮਵਾਰ ਨੂੰ ਮੁਆਫ਼ੀ ਮੰਗੀ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਅਤੇ ਉਨ੍ਹਾਂ ਦੀ ਸਰਕਾਰ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਜੌਹਨਸਨ ਨੇ ਹਾਊਸ ਆਫ ਕਾਮਨਸ ਵਿੱਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ‘ਪਾਰਟੀਗੇਟ’ ਮਾਮਲੇ ਦੇ ਮੱਦੇਨਜ਼ਰ ਸਰਕਾਰ ਚਲਾਉਣ ਦੇ ਤਰੀਕੇ ਵਿੱਚ ਬਦਲਾਅ ਕਰਨਗੇ। ਉਨ੍ਹਾਂ ਕਿਹਾ, ‘‘ਮੇੈਨੂੰ ਉਮੀਦ ਹੈ ਕਿ ਮੈਂ ਇਸ ਨੂੰ ਠੀਕ ਕਰ ਦਿਆਂਗਾ।’’ ਉਨ੍ਹਾਂ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਸੀਨੀਅਰ ਅਫਸਰ ਸੂ ਗ੍ਰੇਅ ਨੇ ਮਾਮਲੇ ਦੀ ਜਾਂਚ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਵੱਲੋਂ 2020 ਅਤੇ 2021 ਵਿੱਚ ਕੋਵਿਡ ਪਾਬੰਦੀਆਂ ਵਿਚਾਲੇ ਪਾਰਟੀਆਂ ਕਰਨੀਆਂ ਨੇਮਾਂ ਦੀ ਉਲੰਘਣਾ ਸੀ। ਪੁਲੀਸ ਵੱਖਰੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਸ ਤੋਂ ਪਹਿਲਾਂ ਕੈਬਨਿਟ ਦਫ਼ਤਰ ਨੇ ਕਿਹਾ ਸੀ ਕਿ ਸੀਨੀਅਰ ਅਫ਼ਸਰ ਸੂ ਗ੍ਰੇਅ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਜਾਂਚ ਦੀ ਤਾਜ਼ਾ ਜਾਣਕਾਰੀ ਦੇ ਦਿੱਤੀ ਹੈ। ਜੌਹਨਸਨ ਦੇ ਦਫ਼ਤਰ ਨੇ ਕਿਹਾ ਸੀ ਕਿ ਰਿਪੋਰਟ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਇਸ ਬਾਰੇ ਸੰਸਦ ’ਚ ਬਿਆਨ ਵੀ ਦੇਣਗੇ। ਉਨ੍ਹਾਂ ਕਿਹਾ ਕਿ ‘ਅਪਡੇਟ ਜਾਣਕਾਰੀ’ ’ਚ ਪੂਰੀ ਗੱਲ ਦੱਸੇ ਜਾਣ ਦੀ ਸੰਭਾਵਨਾ ਨਹੀਂ ਹੈ।