ਓਟਵਾ, 2 ਜਨਵਰੀ  : ਪਾਬੰਦੀਸ਼ੁਦਾ ਹਥਿਆਰਾਂ ਨੂੰ ਮੁੜ ਖਰੀਦਣ ਦੇ ਸਬੰਧ ਵਿੱਚ ਫੈਡਰਲ ਸਰਕਾਰ ਕਈ ਬਦਲ ਵਿਚਾਰ ਰਹੀ ਹੈ। ਇਹ ਖੁਲਾਸਾ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਕੀਤਾ।
ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਏਆਰ-15 ਤੇ ਰੂਗਰ ਮਿਨੀ-14 ਸਮੇਤ ਹਥਿਆਰਾਂ ਦੇ 1500 ਮਾਡਲਜ਼ ਉੱਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ਹਥਿਆਰਾਂ ਨੂੰ ਮੁੜ ਖਰੀਦਣ ਵਾਲੇ ਪ੍ਰਸਤਾਵਿਤ ਪ੍ਰੋਗਰਾਮ ਤਹਿਤ ਹਥਿਆਰਾਂ ਦੇ ਮਾਲਕਾਂ ਨੂੰ ਜਾਂ ਤਾਂ ਆਪਣੇ ਇਹ ਹਥਿਆਰ ਸਰਕਾਰ ਨੂੰ ਵੇਚਣੇ ਹੋਣਗੇ ਤੇ ਜਾਂ ਫੈਡਰਲ ਸਰਕਾਰ ਦੇ ਖਰਚੇ ਉੱਤੇ ਇਨ੍ਹਾਂ ਨੂੰ ਖ਼ਤਮ ਕਰਵਾਉਣਾ ਹੋਵੇਗਾ।
ਇਸ ਦੌਰਾਨ ਦ ਕੈਨੇਡੀਅਨ ਐਸੋਸਿਏਸ਼ਨ ਆਫ ਚੀਫਜ਼ ਆਫ ਪੁਲਿਸ ਵੱਲੋਂ ਲਿਬਰਲ ਸਰਕਾਰ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਕਿਸੇ ਹੋਰ ਆਰਗੇਨਾਈਜ਼ੇਸ਼ਨ, ਕੁਰੀਅਰ ਜਾਂ ਮੇਲ ਸੇਵਾਵਾਂ ਦੀ ਮਦਦ ਲਈ ਜਾਵੇ ਤਾਂ ਕਿ ਪੁਲਿਸ ਕਾਨੂੰਨ ਤੋੜਨ ਵਾਲਿਆਂ ਦੇ ਨਾਲ ਨਾਲ ਸਰਹੱਦੀ ਅਖੰਡਤਾ ਨੂੰ ਤੋੜਨ, ਸਮਗਲਿੰਗ ਆਦਿ ਵਰਗੇ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਸਕੇ।
ਇਸ ਦੌਰਾਨ ਮੈਂਡੀਸਿਨੋ ਨੇ ਆਖਿਆ ਕਿ ਇਸ ਕੰਮ ਨੂੰ ਅੰਜਾਮ ਦੇਣ ਲਈ ਕਈ ਸਟੇਕਹੋਲਡਰਜ਼, ਭਾਈਵਾਲਾਂ ਤੇ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਦੀ ਮਦਦ ਲੈਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਦੇ ਹੋਰਨਾਂ ਪੱਧਰਾਂ ਨਾਲ ਵੀ ਕੰਮ ਕੀਤਾ ਜਾ ਰਿਹਾ ਹੈ। ਅਸੀਂ ਹਰ ਤਰ੍ਹਾਂ ਦੇ ਬਦਲ ਖੁੱਲ੍ਹੇ ਰੱਖ ਕੇ ਚੱਲ ਰਹੇ ਹਾਂ।