ਇਸਲਾਮਾਬਾਦ, 30 ਮਾਰਚ

ਪਾਕਿਸਤਾਨ ਦੀ ਸੱਤਾਧਾਰੀ ਗੱਠਜੋੜ ਤੇ ਇੱਕ ਅਹਿਮ ਸਹਿਯੋਗੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰਾਂ ਦੇ ਬੇਵਿਸਾਹੀ ਮਤੇ ਦਾ ਸਮਰਥਨ ਕਰੇਗੀ। ਇਸ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਡਾ ਝਟਕਾ ਲੱਗਿਆ ਹੈ, ਜਿਹੜੇ ਹੁਣ ਪ੍ਰਭਾਵੀ ਤੌਰ ਉੱਤੇ ਸੰਸਦ ਵਿੱਚ ਬਹੁਮਤ ਗੁਆ ਚੁੱਕੇ ਹਨ। ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੁਤਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮਕਿਊੁਐੱਮ-ਪੀ), ਜਿਹੜੀ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਮੁੱਖ ਸਹਿਯੋਗੀ ਹੈ, ਨੇ ਰਸਮੀ ਐਲਾਨ ਕੀਤਾ ਕਿ ਉਹ ਵਿਰੋਧੀ ਧਿਰਾਂ ਵਿੱਚ ਸ਼ਾਮਲ ਹੋ ਰਹੀ ਹੈ। ਐੱਮਕਿਊਐੱਮ-ਪੀ ਮੁਖੀ ਖਾਲਿਦ ਮਕਬੂਲ ਸਿੱਦੀਕੀ ਨੇ ਕਿਹਾ, ‘‘ਅਸੀਂ ਸਹਿਣਸ਼ੀਲਤਾ ਦੀ ਰਾਜਨੀਤੀ ਅਤੇ ਸੱਚੇ ਲੋਕਤੰਤਰ ਦੀ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ।’’ ਐੱਮਕਿਊਐੱਮ-ਪੀ ਵੱਲੋਂ ਆਪਣੇ ਸੱਤ ਮੈਂਬਰਾਂ  ਨਾਲ ਵਿਰੋਧੀ ਧਿਰ ਵਿੱਚ ਸ਼ਾਮਲ ਹੋਣ ਮਗਰੋਂ ਇਮਰਾਨ ਖ਼ਾਨ ਸਰਕਾਰ ਨੇ ਪ੍ਰਭਾਵੀ ਤੌਰ ’ਤੇ ਆਪਣਾ ਬਹੁਮਤ ਗੁਆ ਦਿੱਤਾ ਹੈ। ਸੱਤਾਧਾਰੀ ਗੱਠਜੋੜ ਦੇ ਇੱਕ ਸਹਿਯੋਗੀ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਨੇ ਹੇਠਲੇ ਸਦਨ ਦੇ ਆਪਣੇ 5 ਮੈਂਬਰਾਂ ਨਾਲ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਇਮਰਾਨ ਖ਼ਾਨ ਵੋਟ ਪਾਉਣ ਲਈ ‘ਵਿਰੋਧੀ ਧਿਰਾਂ ਦਾ ਸੱਦਾ’ ਕਬੂਲ ਕਰ ਲਿਆ ਹੈ।