ਇਸਲਾਮਾਬਾਦ, 14 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦੀ ਦਲ ਦੀ ਮੀਟਿੰਗ ਦੌਰਾਨ ਖ਼ੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ ਕਾਰਨ ਝੜਪ ਹੋ ਗਈ ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਖੱਟਕ ਨੇ ਕਥਿਤ ਤੌਰ ‘ਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਦੀ ਅਣਦੇਖੀ ‘ਤੇ ਸਵਾਲ ਉਠਾਏ ਅਤੇ ਕਿਹਾ ਸੀ ਕਿ ਉਹ ਖਾਨ ਨੂੰ ਵੋਟ ਨਹੀਂ ਦੇਣਗੇ, ਜਿਸ ਨਾਲ ਪ੍ਰਧਾਨ ਮੰਤਰੀ ਖਾਨ ਨਾਰਾਜ਼ ਹੋ ਗਏ। ਇਹ ਮਾਮਲਾ ਵੀਰਵਾਰ ਨੂੰ ਸੰਸਦ ਭਵਨ ‘ਚ ਪ੍ਰਧਾਨ ਮੰਤਰੀ ਖਾਨ ਦੀ ਪ੍ਰਧਾਨਗੀ ‘ਚ ਸੱਤਾਧਾਰੀ ਗਠਜੋੜ ਦੀ ਸੰਸਦੀ ਦਲ ਦੀ ਬੈਠਕ ਦੌਰਾਨ ਸਾਹਮਣੇ ਆਇਆ। ਮੀਟਿੰਗ ਵਿੱਚ ਸ਼ਾਮਲ ਹੋਏ ਰੱਖਿਆ ਮੰਤਰੀ ਨੇ ਕਥਿਤ ਤੌਰ ‘ਤੇ ਕਿਹਾ ਕਿ ਜੇਕਰ ਘੱਟ ਵਿਕਸਤ ਸੂਬੇ ਦੇ ਲੋਕਾਂ ਨੂੰ ਨਵੇਂ ਗੈਸ ਕੁਨੈਕਸ਼ਨ ਨਹੀਂ ਦਿੱਤੇ ਗਏ ਤਾਂ ਉਹ ਪ੍ਰਧਾਨ ਮੰਤਰੀ ਖਾਨ ਨੂੰ ਵੋਟ ਨਹੀਂ ਦੇਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਖੱਟਕ ਦੀ ਸ਼ਿਕਾਇਤ ‘ਤੇ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ ‘ਬਲੈਕਮੇਲਿੰਗ’ ਬੰਦ ਕਰਨ ਲਈ ਕਿਹਾ। ਇਸ ਤੋਂ ਬਾਅਦ ਰੱਖਿਆ ਮੰਤਰੀ ਬੈਠਕ ਵਿਚੋਂ ਬਾਹਰ ਆ ਗਏ ਪਰ ਬਾਅਦ ਵਿੱਚ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਵਾਪਸ ਸੱਦਿਆ।