ਚੰਡੀਗੜ੍ਹ, 19 ਸਤੰਬਰ
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੂਬਾ ਸਰਕਾਰ ਵੱਲੋਂ ਹਾਲ ਹੀ ’ਚ ਕਰਵਾਈ ਗਈ ‘ਸਰਕਾਰ ਸਨਅਤਕਾਰ ਮਿਲਣੀ’ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਵਪਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਕਿਸੇ ਸਰਕਾਰ ਨੇ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਨਅਤਕਾਰਾਂ ਨੂੰ ਸਿਆਸੀ ਚੰਦਿਆਂ ਦੇ ਨਾਮ ’ਤੇ ਲੁੱਟਿਆ ਪਰ ‘ਆਪ’ ਸਰਕਾਰ ਸੂਬੇ ’ਚ ਸਨਅਤ ਅਤੇ ਰੁਜ਼ਗਾਰ ਵਧਾਉਣ ਲਈ ਸਨਅਤਕਾਰਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੀ ਹੈ।

ਕੰਗ ਨੇ ਕਿਹਾ ਕਿ ‘ਗਰੀਨ ਸਟੈਂਪ ਪੇਪਰ’ ਰਾਹੀ ਪੰਜਾਬ ’ਚ ਸਨਅਤ ਸਥਾਪਤ ਕਰਨ ਵਾਲੇ ਸਨਅਤਕਾਰਾਂ ਨੂੰ ਜ਼ਮੀਨ ਐਕੁਆਇਰ ਕਰਨ ’ਚ ਕਾਫੀ ਸਹੂਲਤ ਮਿਲੇਗੀ। ਹੁਣ ਕਿਸੇ ਕਿਸਮ ਦੀ ਫੈਕਟਰੀ ਜਾਂ ਸਨਅਤ ਲਗਾਉਣ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਸਗੋਂ ‘ਇਨਵੈਸਟ ਪੰਜਾਬ’ ਦੀ ਸਾਈਟ ’ਤੇ ਜ਼ਮੀਨ ਦਾ ਖਸਰਾ ਨੰਬਰ ਦਰਜ ਕਰਵਾਇਆ ਜਾ ਸਕਦਾ ਹੈ, ਜਿਸ ਮਗਰੋਂ ਸਰਕਾਰ ਖੁਦ ਤਸਦੀਕ ਕਰੇਗੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਦੇਵੇਗੀ। ‘ਆਪ’ ਆਗੂ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ 7000 ਦੇ ਕਰੀਬ ਛੋਟੇ ਤੇ ਵੱਡੇ ਉਦਯੋਗ ਹਨ। ਇਨ੍ਹਾਂ ਸਾਰਿਆਂ ਨੂੰ ਹਰ ਸਾਲ ਰੀਨਿਊ ਕਰਨਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਰ ਸਾਲ ਕਈ ਵਿਭਾਗਾਂ ਦੇ ਚੱਕਰ ਲਾਉਣੇ ਪੈਂਦੇ ਸਨ। ਹੁਣ ਸਰਕਾਰ ਦੇ ਨਵੀਨੀਕਰਨ ਪੋਰਟਲ ਰਾਹੀਂ ਇਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ।