ਵਾਸ਼ਿੰਗਟਨ:ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ਵਿੱਚ ਆਪਣੀ ਧੀ ਮਾਲਤੀ ਮੈਰੀ, ਪਤੀ ਨਿੱਕ ਜੋਨਸ ਅਤੇ ਨਿੱਕ ਦੇ ਦੋ ਭਰਾ ਕੇਵਿਨ ਤੇ ਜੋਅ ਜੋਨਸ ਨਾਲ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਪ੍ਰਿਯੰਕਾ ਆਪਣੀ ਧੀ ਮਾਲਤੀ ਨੂੰ ਕਿਸੇ ਜਨਤਕ ਸਮਾਗਮ ਵਿੱਚ ਲੈ ਕੇ ਆਈ ਹੋਵੇ। ਸਮਾਗਮ ਦੌਰਾਨ ਜੋਨਸ ਭਰਾ ਕੇਂਦਰੀ ਸਟੇਜ ’ਤੇ ਬਿਰਾਜਮਾਨ ਸਨ ਜਦਕਿ ਪ੍ਰਿਯੰਕਾ ਆਪਣੀ ਧੀ ਮਾਲਤੀ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਵਾਸਤੇ ਪਹਿਲੀ ਕਤਾਰ ਵਿੱਚ ਬੈਠੀ ਸੀ। ਪ੍ਰਿਯੰਕਾ ਤੇ ਉਸ ਦੀ ਧੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਵਿਆਹ ਸਾਲ 2018 ਵਿੱਚ ਕ੍ਰਿਸਚੀਅਨ ਅਤੇ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਪਿਛਲੇ ਸਾਲ ਜਨਵਰੀ ਮਹੀਨੇ ਇਸ ਜੋੜੀ ਦੇ ਘਰ ਭਾੜੇ ਦੀ ਕੁੱਖ ਰਾਹੀਂ ਧੀ ਨੇ ਜਨਮ ਲਿਆ ਸੀ। ਉਧਰ, ਪ੍ਰਿਯੰਕਾ ਆਪਣੇ ਆਉਣ ਵਾਲੇ ਨਵੇਂ ਕੌਮਾਂਤਰੀ ਪ੍ਰਾਜੈਕਟ ‘ਇੱਟ ਇੱਜ਼ ਆਲ ਕਮਿੰਗ ਬੈਕ ਟੂ ਮੀ’ ਅਤੇ ਵੈੱਬ ਸੀਰੀਜ਼ ‘ਸਿਟਾਡੇਲ’ ਵਿੱਚ ਦਿਖਾਈ ਦੇਵੇਗੀ। ‘ਸਿਟਾਡੇਲ’ ਦੇ ਨਿਰਮਾਤਾ ਰੂਸੋ ਬ੍ਰਦਰਜ਼ ਹਨ ਅਤੇ ਇਹ ਸੀਰੀਜ਼ ਓਟੀਟੀ ਪਲੈਟ ਫਾਰਮ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ।