ਓਟਵਾ, 28 ਸਤੰਬਰ: ਐਰਾਈਵਕੈਨ ਐਪ ਦੀ ਵਰਤੋਂ ਸਮੇਤ ਕੈਨੇਡਾ ਦੀਆਂ ਕੋਵਿਡ-19 ਟਰੈਵਲ ਪਾਬੰਦੀਆਂ ਪਹਿਲੀ ਅਕਤੂਬਰ ਤੋਂ ਖ਼ਤਮ ਕੀਤੀਆਂ ਜਾ ਰਹੀਆਂ ਹਨ।
ਸੋਮਵਾਰ ਸਵੇਰੇ ਫੈਡਰਲ ਮੰਤਰੀਆਂ ਵੱਲੋਂ ਨਿਊਜ਼ ਕਾਨਫਰੰਸ ਵਿੱਚ ਇਨ੍ਹਾਂ ਮਾਪਦੰਡਾਂ ਨੂੰ ਖ਼ਤਮ ਕਰਨ ਦੇ ਸਬੰਧ ਵਿੱਚ ਐਲਾਨ ਕੀਤਾ ਗਿਆ। ਇਨ੍ਹਾਂ ਮੰਤਰੀਆਂ ਵੱਲੋਂ ਇਹ ਪੁਸ਼ਟੀ ਵੀ ਕੀਤੀ ਗਈ ਕਿ ਇੱਕ ਵਾਰੀ ਹਟਾਅ ਲਏ ਜਾਣ ਤੋਂ ਬਾਅਦ ਇਨ੍ਹਾਂ ਬਾਰਡਰ ਮਾਪਦੰਡਾਂ ਨੂੰ ਨੰਵਿਆਇਆਂ ਨਹੀਂ ਜਾਵੇਗਾ।ਇੱਕ ਵੱਖਰੀ ਨਿਊਜ਼ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਸਮੇਂ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਿਫਾਰਿਸ਼ਾਂ ਵਿੱਚ ਇਹ ਸਾਫ ਆਖਿਆ ਜਾ ਰਿਹਾ ਹੈ ਕਿ ਹੁਣ ਬਾਰਡਰ ਮਾਪਦੰਡਾਂ ਦੀ ਹੋਰ ਲੋੜ ਨਹੀਂ ਰਹਿ ਗਈ ਹੈ।ਪਰ ਉਨ੍ਹਾਂ ਆਖਿਆ ਕਿ ਅਸੀਂ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਤੇ ਜਿਵੇਂ ਹਾਲਾਤ ਬਦਲਣਗੇ ਅਸੀਂ ਉਨ੍ਹਾਂ ਮੁਤਾਬਕ ਹੀ ਫੈਸਲਾ ਕਰਾਂਗੇ।
ਖ਼ਤਮ ਕੀਤੇ ਜਾਣ ਵਾਲੇ ਮਾਪਦੰਡਾਂ ਵਿੱਚ ਬਾਰਡਰ ਵੈਕਸੀਨ ਮਾਪਦੰਡ, ਜਹਾਜ਼ਾਂ ਤੇ ਰੇਲਗੱਡੀਆਂ ਵਿੱਚ ਲਾਜ਼ਮੀ ਮਾਸਕ ਲਾਉਣ ਸਬੰਧੀ ਨਿਯਮ ਤੇ ਇੰਟਰਨੈਸ਼ਨਲ ਟਰੈਵਲਰਜ਼ ਦੇ ਟੈਸਟ ਕਰਵਾਉਣਾ ਤੇ ਉਨ੍ਹਾਂ ਨੂੰ ਕੁਆਰਨਟੀਨ ਕਰਨ ਸਬੰਧੀ ਨਿਯਮ ਸ਼ਾਮਲ ਹਨ।ਫੈਡਰਲ ਸਰਕਾਰ ਦਾ ਇਹ ਵੀ ਆਖਣਾ ਹੈ ਕਿ ਮੌਜੂਦਾ ਵੈਕਸੀਨੇਸ਼ਨ ਦਰ ਤੇ ਦੇਸ਼ ਭਰ ਵਿੱਚ ਕੋਵਿਡ ਸਬੰਧੀ ਹਾਲਾਤ ਨੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਲੇ ਮਾਹੌਲ ਵਿੱਚ ਪਰਤਣ ਦੀ ਖੁੱਲ੍ਹ ਦਿੱਤੀ ਹੈ।
ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਬਾਹਰੋਂ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘਟੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਲੋੜ ਪੈਣ ਉੱਤੇ ਫੈਡਰਲ ਸਰਕਾਰ ਕੁੱਝ ਪਾਬੰਦੀਆਂ ਮੁੜ ਲਾ ਸਕਦੀ ਹੈ।ਇਨ੍ਹਾਂ ਤਬਦੀਲੀਆਂ ਤੋਂ ਇਹ ਭਾਵ ਹੋਵੇਗਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਕੈਨੇਡਾ ਦਾਖਲ ਹੋਣ ਸਮੇਂ ਵੈਕਸੀਨੇਸ਼ਨ ਦਾ ਸਬੂਤ ਨਹੀਂ ਦੇਣਾ ਹੋਵੇਗਾ। ਇਸ ਤੋਂ ਇਹ ਭਾਵ ਵੀ ਹੈ ਕਿ ਕੈਨੇਡਾ ਆਉਣ ਵਾਲੇ ਟਰੈਵਲਰਜ਼ ਨੂੰ ਹੁਣ ਅਚਨਚੇਤੀ ਕੀਤੇ ਜਾਣ ਵਾਲੇ ਕੋਵਿਡ-19 ਟੈਸਟ ਨਹੀਂ ਕਰਵਾਉਣੇ ਹੋਣਗੇ।
ਇਨ੍ਹਾਂ ਹੁਕਮਾਂ ਨਾਲ ਐਰਾਈਵਕੈਨ ਐਪ ਦੀ ਵਰਤੋਂ ਵੀ ਖ਼ਤਮ ਕੀਤੀ ਜਾਵੇਗੀ ਤੇ ਜਿਨ੍ਹਾਂ ਕੈਨੇਡੀਅਨਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਉਨ੍ਹਾਂ ਨੂੰ ਆਈਸੋਲੇਟ ਕਰਨ ਦੀ ਸ਼ਰਤ ਵੀ ਖ਼ਤਮ ਕੀਤੀ ਜਾ ਰਹੀ ਹੈ। ਸਰਕਾਰ ਨੇ ਇਹ ਵੀ ਆਖਿਆ ਹੈ ਕਿ ਜਹਾਜ਼ਾਂ ਤੇ ਰੇਲਗੱਡੀਆਂ ਉੱਤੇ ਸਫਰ ਕਰਨ ਸਮੇਂ ਟਰੈਵਲਰਜ਼ ਚੰਗੀ ਤਰ੍ਹਾਂ ਫਿੱਟ ਹੋਣ ਵਾਲੇ ਮਾਸਕ ਜ਼ਰੂਰ ਪਾ ਕੇ ਰੱਖਣ।
ਇਸ ਦੌਰਾਨ ਨਵੇਂ ਚੁਣੇ ਗਏ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਸੋਮਵਾਰ ਨੂੰ ਇਸ ਐਲਾਨ ਤੋਂ ਬਾਅਦ ਟਵੀਟ ਕਰਕੇ ਆਖਿਆ ਕਿ ਟਰੂਡੋ ਸਰਕਾਰ ਉੱਤੇ ਉਨ੍ਹਾਂ ਦੀ ਪਾਰਟੀ ਤੇ ਕੈਨੇਡੀਅਨਜ਼ ਵੱਲੋਂ ਪਾਏ ਗਏ ਦਬਾਅ ਕਾਰਨ ਹੀ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ।