ਮੁੰਬਈ:ਸੁਪਰਸਟਾਰ ਸ਼ਾਹਰੁਖ਼ ਖਾਨ ਦੀ ਫਿਲਮ ‘ਪਠਾਨ’ ਭਾਰਤ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਯਸ਼ ਰਾਜ ਫਿਲਮਜ਼ ਦੇ ਬੁਲਾਰੇ ਨੇ ਦੱਸਿਆ ਕਿ ਜਨਵਰੀ ਵਿਚ ਰਿਲੀਜ਼ ਹੋਣ ਵਾਲੀ ਇਸ ਫਿਲਮ ਨੇ ਹੁਣ ਤਕ ਦੇਸ਼ ਤੇ ਵਿਦੇਸ਼ ਵਿਚ 1028 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਤੇ ਇਸ ਫਿਲਮ ਨੇ ਭਾਰਤ ਵਿਚ 641.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਜਦਕਿ ਭਾਰਤ ਵਿਚ ਸ਼ੁੱਧ ਕਮਾਈ 529.96 ਕਰੋੜ ਰੁਪਏ ਹੈ ਜਿਸ ਵਿਚ ਹਿੰਦੀ ਤੋਂ 511.70 ਕਰੋੜ ਤੇ ਹੋਰ ਭਾਸ਼ਾਵਾਂ ਵਿਚ 18.26 ਕਰੋੜ ਰੁਪਏ ਸ਼ਾਮਲ ਹਨ। ਸ਼ਾਹਰੁਖ ਖਾਨ ਨੇ ਇਸ ਫਿਲਮ ਜ਼ਰੀਏ ਚਾਰ ਸਾਲਾਂ ਬਾਅਦ ਮੁੱਖ ਅਦਾਕਾਰ ਵਜੋਂ ਵਾਪਸੀ ਕੀਤੀ ਹੈ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਐਡਵਾਂਸ ਬੁਕਿੰਗ ਦੇ ਵੀ ਨਵੇਂ ਰਿਕਾਰਡ ਬਣਾ ਲਏ ਹਨ। ਸਿਧਾਰਥ ਆਨੰਦ ਨੇ ਕਿਹਾ, ‘ਮੈ ਫਿਲਮ ‘ਪਠਾਨ’ ਦੀ ਸਫਲਤਾ ਤੋਂ ਬਾਗੋਬਾਗ ਹਾਂ ਤੇ ਇਹ ਫਿਲਮ ਭਾਰਤੀ ਇਤਿਹਾਸ ਦੀ ਨੰਬਰ ਇਕ ਫਿਲਮ ਬਣ ਗਈ ਹੈ। ਇਸ ਫਿਲਮ ਲਈ ਦਰਸ਼ਕਾਂ ਨੇ ਜੋ ਪਿਆਰ ਦਿਖਾਇਆ ਹੈ ਉਹ ਇਤਿਹਾਸਕ ਹੈ ਤੇ ਬਾਕਸ ਆਫਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੈਂ ਜੋ ਫਿਲਮ ਬਣਾਈ ਹੈ ਉਸ ਨੇ ਦੇਸ਼ ਤੇ ਵਿਦੇਸ਼ ਵਿਚ ਲੋਕਾਂ ਦਾ ਮਨੋਰੰਜਨ ਕੀਤਾ ਹੈ।’