ਇੰਡੀਅਨ ਵੈੱਲਜ਼:ਕਰੋਨਾ ਮਹਾਮਾਰੀ ਕਾਰਨ ਕਈ ਵੱਡੇ ਖਿਡਾਰੀਆਂ ਨੇ ਬੀਐੱਨਪੀ ਪਰਿਬਾਸ ਓਪਨ ਵਿੱਚ ਹਿੱਸਾ ਨਹੀਂ ਲਿਆ ਅਤੇ ਕਈ ਸਟਾਰ ਖਿਡਾਰੀ ਉਲਟਫੇਰ ਦਾ ਸ਼ਿਕਾਰ ਹੋਏ। ਇਸ ਲਈ ਦੋ ਅਜਿਹੇ ਖਿਡਾਰੀ ਚੈਂਪੀਅਨ ਬਣੇ ਜੋ ਵਿਸ਼ਵ ਦਰਜਾਬੰਦੀ ਵਿੱਚ ਚੋਟੀ ਦੇ 25 ਖਿਡਾਰੀਆਂ ਵਿੱਚ ਵੀ ਨਹੀਂ ਹਨ। ਬਰਤਾਨੀਆ ਦੇ ਕੈਮਰਨ ਨੌਰੀ ਨੇ ਨਿਕੋਲੋਜ਼ ਬੇਸਿਲਾਸ਼ਵਿਲੀ ਨੂੰ 3-6, 6-4, 6-1 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ। ਇਸੇ ਤਰ੍ਹਾਂ ਸਪੇਨ ਦੀ ਪਾਊਲਾ ਬਾਡੋਸਾ ਨੇ ਵਿਕਟੋਰੀਆ ਅਜਾਰੇਂਕਾ ਨੂੰ 7-6, 2-6, 7-6 ਨਾਲ ਸ਼ਿਕਸਤ ਦੇ ਕੇ ਖ਼ਿਤਾਬ ਆਪਣੇ ਨਾਮ ਕੀਤਾ। ਉਹ ਪਹਿਲੀ ਵਾਰ ਖੇਡਦਿਆਂ ਇਹ ਟੂਰਨਾਮੈਂਟ ਜਿੱਤਣ ਵਾਲੀ ਤੀਜੀ ਖਿਡਾਰਨ ਬਣ ਗਈ ਹੈ। ਨੋਵਾਕ ਜੋਕੋਵਿਚ, ਰਾਫੇਲ ਨਡਾਲ, ਰੋਜਰ ਫੈਡਰਰ, ਨਾਓਮੀ ਓਸਾਕਾ ਅਤੇ ਸੇਰੇਨਾ ਵਿਲੀਅਮਜ਼ ਨੇ ਇਸ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਸੀ। ਉਧਰ, ਦਾਨਿਲ ਮੈਦਵੇਦੇਵ ਅਤੇ ਕੈਰੋਲੀਨਾ ਪਲਿਸਕੋਵਾ ਵਰਗੇ ਚੋਟੀ ਦੇ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਨੌਰੀ ਅਤੇ ਬਾਡੋਸਾ ਨੇ ਆਪਣੇ ਕਰੀਆ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ ਅਤੇ 12 ਲੱਖ ਡਾਲਰ ਦੀ ਇਨਾਮੀ ਰਾਸ਼ੀ ਆਪਣੀ ਝੋਲੀ ਪਾਈ।