ਕਾਠਮੰਡੂ, 26 ਨਵੰਬਰ

ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੀ ਨੇਪਾਲੀ ਕਾਂਗਰਸ ਅਗਵਾਈ ਹੇਠਲਾ ਹੁਕਮਰਾਨ ਗੱਠਜੋੜ ਸੰਸਦੀ ਚੋਣਾਂ ’ਚ ਸਪੱਸ਼ਟ ਬਹੁਮਤ ਹਾਸਲ ਕਰਨ ਵੱਲ ਵਧ ਰਿਹਾ ਹੈ। ਗੱਠਜੋੜ ਨੇ ਹੁਣ ਤੱਕ ਐਲਾਨੇ ਗਏ 124 ਸੀਟਾਂ ਦੇ ਨਤੀਜਿਆਂ ’ਚੋਂ 67 ’ਤੇ ਜਿੱਤ ਹਾਸਲ ਕਰ ਲਈ ਹੈ। 275 ਮੈਂਬਰੀ ਪ੍ਰਤੀਨਿਧ ਸਭਾ ’ਚ 165 ਮੈਂਬਰਾਂ ਦੀ ਚੋਣ ਸਿੱਧੀ ਵੋਟਿੰਗ ਰਾਹੀਂ ਕੀਤੀ ਜਾਵੇਗੀ ਜਦਕਿ ਬਾਕੀ 110 ਸੀਟਾਂ ’ਤੇ ਚੋਣ ਅਨੁਪਾਤ ਪ੍ਰਣਾਲੀ ਰਾਹੀਂ ਹੋਵੇਗੀ। ਸਪੱਸ਼ਟ ਬਹੁਮਤ ਲਈ 138 ਸੀਟਾਂ ਦੀ ਲੋੜ ਹੈ। ਨੇਪਾਲੀ ਕਾਂਗਰਸ 42 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਰਹੀ ਹੈ। ਉਸ ਦੇ ਗੱਠਜੋੜ ਭਾਈਵਾਲਾਂ ’ਚੋਂ ਸੀਪੀਐੱਨ-ਮਾਓਵਾਦੀ ਸੈਂਟਰ ਨੇ 12 ਅਤੇ ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ ਨੇ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਲੋਕਤਾਂਤਰਿਕ ਸਮਾਜਵਾਦੀ ਨੇ ਦੋ ਅਤੇ ਰਾਸ਼ਟਰੀ ਜਨਮੋਰਚਾ ਨੇ ਇਕ ਸੀਟ ਜਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੇ ਸੀਪੀਐੱਨ-ਯੂਐੱਮਐੱਲ ਵਿਰੋਧੀ ਗੱਠਜੋੜ ਨੇ 38 ਸੀਟਾਂ ਹਾਸਲ ਕੀਤੀਆਂ ਹਨ। ਸੀਪੀਐੱਨ-ਯੂਐੱਮਐੱਲ ਨੇ ਇਕੱਲਿਆਂ 30 ਸੀਟਾਂ ਜਿੱਤੀਆਂ ਹਨ।