ਮੁੰਬਈ:ਟੀਵੀ ਅਦਾਕਾਰਾ ਨਿਯਤੀ ਫਤਨਾਨੀ ਨਵੇਂ ਲੜੀਵਾਰ ‘ਚੰਨਾ ਮੇਰਿਆ’ ਵਿੱਚ ਸਿੱਖ ਲੜਕੀ ਗਿੰਨੀ ਦਾ ਮੁੱਖ ਕਿਰਦਾਰ ਨਿਭਾਏਗੀ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਉਣ ਲਈ ਪੰਜਾਬੀ ਸਿੱਖੀ ਹੈ। ਉਸ ਨੇ ਕਿਹਾ ਕਿ ਉਹ ਸ਼ੋਅ ਵਿੱਚ ਸਿੱਖ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜਿਸ ਕਰ ਕੇ ਉਸ ਨੂੰ ਪੰਜਾਬੀ ਬੋਲਣੀ ਪੈਣੀ ਹੈ। ਇਹ ਸ਼ੋਅ ਸਾਰਿਆਂ ਲਈ ਹੈ, ਇਸ ਕਰ ਕੇ ਉਸ ਨੂੰ ਹਰ ਵੇਲੇ ਪੰਜਾਬੀ ਨਹੀਂ ਬੋਲਣੀ ਪਈ ਪਰ ਉਸ ਨੇ ਆਪਣੇ ਕਿਰਦਾਰ ਨਾਲ ਨਿਆਂ ਕਰਨ ਲਈ ਪੰਜਾਬੀ ਸਿੱਖੀ। ‘ਚੰਨਾ ਮੇਰਿਆ’ ਦੀ ਸ਼ੂਟਿੰਗ ਅੰਮ੍ਰਿਤਸਰ ਵਿਚ ਹੋਈ ਤੇ ਨਿਯਤੀ ਇਸ ਵਿੱਚ ਸਿੱਖ ਲੜਕੀ ਵਜੋਂ ਢਾਬਾ ਚਲਾਉਂਦੀ ਹੈ। ਉਸ ਨੇ ਪੰਜਾਬੀ ਸਿੱਖਣ ਦੇ ਤਰੀਕਿਆਂ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਉਸ ਨੇ ਪੰਜਾਬੀ ਸਿੱਖਣ ਲਈ ਬਹੁਤ ਸਾਰੇ ਪੰਜਾਬੀ ਵੀਡੀਓਜ਼ ਵੀ ਵੇਖੇ ਤਾਂ ਕਿ ਉਹ ਜਲਦੀ ਪੰਜਾਬੀ ਸਿੱਖ ਸਕੇ। ਉਸ ਨੇ ਇੰਸਟਾਗ੍ਰਾਮ ’ਤੇ ਪੰਜਾਬੀ ਵਿੱਚ ਕੀਤੀਆਂ ਟਿੱਪਣੀਆਂ ਵੀ ਗਹੁ ਨਾਲ ਵਾਚੀਆਂ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਲੋਕ ਉਸ ਦੇ ਕਿਰਦਾਰ ਬਾਰੇ ਕੀ ਸੋਚਦੇ ਹਨ। ਸੀਰੀਅਲ ‘ਚੰਨਾ ਮੇਰਿਆ’ ਜਲਦੀ ਹੀ ਸਟਾਰ ਭਾਰਤ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।