ਨਵੀਂ ਦਿੱਲੀ, 11 ਜਨਵਰੀ

ਨਿਊ ਜਰਸੀ ਦੀ ਸੈਨੇਟ ਨੇ ਵਰ੍ਹਾ 1984 ਵਿੱਚ ਭਾਰਤ ਦੇਸ਼ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕੀਤੀ ਹੈ ਤੇ ਇਨ੍ਹਾਂ ਹਿੰਸਕ ਘਟਨਾਵਾਂ ਨੂੰ ਕਤਲੇਆਮ ਦੱਸਿਆ ਹੈ। ਇਸੇ ਦੌਰਾਨ ਸਿੱਖ ਕਾਕਸ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਨਿਊ ਜਰਸੀ ਸੈਨੇਟ ਵੱਲੋਂ ਪਾਸ ਕੀਤੇ ਇਸ ਮਤੇ ਦੀ ਸ਼ਲਾਘਾ ਕੀਤੀ ਹੈ। ਇਹ ਖਬਰ ਵੀ ਸਿੱਖ ਕਾਕਸ ਕਮੇਟੀ ਵੱਲੋਂ ਨਸ਼ਰ ਕੀਤੀ ਗਈ ਹੈ। ਇਹ ਮਤਾ ਸਟੇਟ ਸੈਨੇਟਰ ਸਟੀਫਨ ਸਵੀਨੇ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਸੈਨੇਟ ਦੇ ਇਕ ਹਿੰਦੂ ਮੈਂਬਰ ਵੀਨੂੰ ਗੋਪਾਲ ਨੇ ਵੀ ਇਸ ਮਤੇ ਦੇ ਸਮਰਥਨ ਵਿੱਚ ਵੋਟ ਪਾਈ। ਮਤੇ ਵਿੱਚ ਦੱਸਿਆ ਗਿਆ ਹੈ ਕਿ 1 ਨਵੰਬਰ, 1984 ਨੂੰ ਸਿੱਖਾਂ ਦੀਆਂ ਹੱਤਿਆਵਾਂ ਸ਼ੁਰੂ ਹੋਈਆਂ ਜੋ ਕਿ ਤਿੰਨ ਦਿਨ ਚਲੀਆਂ ਤੇ ਕਈ ਸੂਬਿਆਂ ਵਿੱਚ ਸਿੱਖਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ।