ਵਿਜੈਵਾੜਾ, 23 ਸਤੰਬਰ
ਇਥੋਂ ਦੀ ਇਕ ਅਦਾਲਤ ਨੇ ਹੁਨਰ ਵਿਕਾਸ ਕਾਰਪੋਰੇਸ਼ਨ ਘੁਟਾਲੇ ਦੇ ਸਬੰਧ ’ਚ ਹੋਰ ਜਾਂਚ ਲਈ ਟੀਡੀਪੀ ਮੁਖੀ ਐੱਨ ਚੰਦਰਬਾਬੂ ਨਾਇਡੂ ਨੂੰ ਸੀਆਈਡੀ ਦੀ ਦੋ ਦਿਨਾਂ ਹਿਰਾਸਤ ’ਚ ਭੇਜ ਦਿੱਤਾ ਹੈ। ਸੀਆਈਡੀ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਵਾਈ ਐੱਨ ਵਿਵੇਕਾਨੰਦ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਵਿਸ਼ੇਸ਼ ਏਸੀਬੀ ਅਦਾਲਤ ਨੇ ਨਾਇਡੂ ਨੂੰ 23 ਅਤੇ 24 ਸਤੰਬਰ ਲਈ ਹਿਰਾਸਤ ’ਚ ਭੇਜਿਆ ਹੈ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਨਾਇਡੂ ਵੱਲੋਂ ਐੱਫਆਈਆਰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਸੀ। ਪੁਲੀਸ ਹਿਰਾਸਤ ’ਚ ਪੁੱਛ-ਪੜਤਾਲ ਦੌਰਾਨ ਨਾਇਡੂ ਨੂੰ ਦੋ ਵਕੀਲ ਮਿਲ ਸਕਦੇ ਹਨ ਅਤੇ ਉਨ੍ਹਾਂ ’ਤੇ ਕੋਈ ਤਸ਼ੱਦਦ ਨਹੀਂ ਢਾਹਿਆ ਜਾਵੇਗਾ।