ਨਿੰਦਰ ਘੁਗਿਆਣਵੀ
***
ਬਲਜਿੰਦਰ ਸੇਖਾ ਮੇਰਾ ਉਦੋਂ ਦਾ ਆੜੀ ਹੈ,ਜਦੋਂ ਨਿੱਕਾ ਹੁੰਦਾ ਮੈਂ ਤਾਏ ਸ ਫੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ )ਜੀ ਨਾਲ ਸਾਹਿਤ ਸਭਾਵਾਂ ਵਿਚ ਜਾਇਆ ਕਰਦਾ ਸਾਂ ਤੇ ਬਲਜਿੰਦਰ ਆਪਣੇ ਤਾਏ ਜਰਨੈਲ ਸੇਖਾ ਨਾਲ ਆਉਂਦਾ ਹੁੰਦਾ ਸੀ। ਪਹਿਲੀ ਵਾਰ ਅਸੀ ਜੈਤੋ ਦੇ ਸਰਕਾਰੀ ਕੰਨਿਆ ਸਕੂਲ ਵਿੱਚ ਮਿਲੇ ਸੀ । ਮੈਂ ਤੂੰਬੀ ਨਾਲ ਗੀਤ ਗਾਏ। ਸੇਖਾ ਮੇਰਾ ਆੜੀ ਬਣ ਗਿਆ ਓਦਣ ਤੋਂ। ਇਉਂ ਅਸੀਂ ਗਾਹੇ ਬਗਾਹੇ ਇਕੱਠੇ ਹੁੰਦੇ ਰਹਿੰਦੇ। ਉਦੋਂ ਇਹਦੇ ਘਰੇਲੂ ਨਿੱਕੇ ਨਾਂ ਬਾਰੇ ਵੀ ਪਤਾ ਲਗਿਆ ਕਿ ਇਹ ‘ਟੀਟੂ’ ਹੈ। ਕਦੇ ਉਹ ਭੰਡਾਂ ਦੀਆਂ ਨਕਲਾਂ ਲਾਹੁੰਦਾ। ਕਦੇ ਗਾਉਂਦਾ। ਕਦੇ ਕਵਿਤਾ ਪੜਦਾ। ਮੈਂ ਉਹਦੇ ਨਾਲ ਪਿੰਡ ਵੀ ਗਿਆ ਸੇਖੇ।ਸਮਾਂ ਬਦਲਿਆ। ਕਹਾਣੀਕਾਰ ਹਰਪ੍ਰੀਤ ਸੇਖਾ ਤੇ ਨਾਵਲਕਾਰ ਦਵਿੰਦਰ ਸੇਖਾ ਦੇ ਚਚੇਰੇ ਭਰਾ ਬਲਜਿੰਦਰ ਦਾ ਤਾਏ ਸਵ.ਮਾਸਟਰ ਹਰਚੰਦ ਸਿੰਘ ਤੇ ਤਾਈ ਜਗਦੀਸ਼ ਕੋਰ ਨੇ ਉਸਦਾ ਵਿਆਹ ਕਰਕੇ ਉਹਨੂੰ ਟੋਰਾਂਟੋ ਬੁਲਾ ਲਿਆ।
ਜਦ ਮੈਂ 2001 ਵਿਚ ਪਹਿਲੀ ਵਾਰੀ ਟੋਰਾਂਟੋ ਆਇਆ ਤਾਂ ਬਲਜਿੰਦਰ ਸੇਖਾ ਹੁੱਬ ਹੁੱਬ ਕੇ ਮਿਲਿਆ। ਉਦੋਂ ਏਥੇ ਵੀ ਇਸਨੇ ਆਪਣੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਯਤਨ ਅਰੰਭਣੇ ਸ਼ੁਰੂ ਕੀਤੇ ਹੋਏ ਸਨ। ਅਜੀਤ ਵੀਕਲੀ ਵਾਲਿਆਂ ਆਪਣਾ 24 ਘੰਟੇ ਰੇਡੀਓ ਪਰੋਗਰਾਮ ਚਲਾਇਆ ਤਾਂ ਇਕਬਾਲ ਰਾਮੂਵਾਲੀਆ ਤੇ ਰਛਪਾਲ ਰਾਮੂਵਾਲੀਆ ਆਥਣੇ “ਸ਼ੌਂਕੀ ਦੀ ਮਹਿਫਲ” ਪਰੋਗਰਾਮ ਵਿਚ ਇਕੱਠੇ ਬੋਲਦੇ ਤੇ ਬਲਜਿੰਦਰ ਵੀ ਇਸ ਪਰੋਗਰਾਮ ਦਾ ਸ਼ਿੰਗਾਰ ਬਣਦਾ। ਉਹ ਨਕਲਾਂ ਲਾਹੁੰਦਾ। ਵੰਨ ਸੁਵੰਨਾ ਮੂੰਹ ਬਣਾਉਂਦਾ। ਖਾਸਾ ਹਸਾਉਂਦਾ।
ਹੈਰਾਨੀ ਤੇ ਮਾਣ ਵਾਲੀ ਗੱਲ ਇਹ ਕਿ ਉਹ ਉਨਾ ਵੇਲਿਆਂ ਵਿਚ ਵੀ ਕਈ ਪਾਸਿਓਂ ਸੰਘਰਸ਼ ਕਰ ਰਿਹਾ ਸੀ। ਨਵਾਂ ਨਵਾਂ ਆਇਆ ਸੀ। ਅਨੇਕਾਂ ਔਕੜਾਂ ਤੇ ਦੂਜੇ ਬੰਨੇ ਕਲਾਕਾਰੀ ਵਾਸਤੇ ਵਕਤ ਕੱਢਣਾ ਕੋਈ ਸੌਖਾ ਨਹੀਂ ਸੀ ਉਸ ਵਾਸਤੇ। ਮੈਂ ਉਹਦੇ ਸਿਦਕ ਨੂੰ ਸਜਦਾ ਕਰਦਿਆਂ ਆਖਿਆ ਸੀ ਕਿ ਤੇਰੀ ਮਿਹਨਤ ਰੰਗ ਲਿਆਊ। ਉਹਦਾ ਸਾਰਾ ਪਰੀਵਾਰ ਉਸਨੂੰ ਲਗਾਤਾਰ ਹੱਲਾਸ਼ੇਰੀ ਦੇ ਰਿਹਾ ਸੀ। ਬਲਜਿੰਦਰ ਤੇ ਲਖਵਿੰਦਰ ਸੰਧੂ ਨੇ ਭੰਡਾਂ ਦੀ ਜੋੜੀ ਬਣਾ ਲਈ। ਕਨੇਡਾ ਅਮਰੀਕਾ ਦੇ ਟੀਵੀ ਪਰੋਗਰਾਮਾਂ ਵਿਚ ਆਉਣ ਲੱਗੇ।
ਸਰੀ ਗਦਰੀ ਬਾਬਿਆਂ ਦਾ ਮੇਲਾ ਸਾਹਿਬ ਥਿੰਦ ਹੁਰਾਂ ਦਾ। ਚਾਲੀ ਹਜ਼ਾਰ ਤੋਂ ਵੀ ਵੱਧ ਪੰਜਾਬੀਆਂ ਦਾ ਇਕੱਠ। ਗਿੱਲ ਹਰਦੀਪ ਦੇ ਗੀਤ -ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ-‘ਤੇ ਸਵ.ਕੁਲਦੀਪ ਮਾਣਕ ਤੇ ਸ਼ੌਕਤ ਅਲੀ ਨੇ ਗਾਉਂਦਿਆ ਗਾਉਂਦਿਆਂ ਪੱਗਾਂ ਵਟਾਈਆਂ। ਮੈਨੂੰ ਸ਼ਹੀਦ ਮੇਵਾ ਸਿੰਘ ਲੈਪੋਕੇ ਪੁਰਸਕਾਰ ਨਾਲ ਨਿਵਾਜਿਆ ਸੀ। ਇਥੇ ਬਲਜਿੰਦਰ ਹੁਰਾਂ ਖੂਬ ਰੰਗ ਬੰਨਿਆ। ਕਮਾਲਾਂ ਕਰਤੀਆਂ।
ਅਜਕਲ ਪੰਜਾਬ ਦਾ ਮਾਣ ਬਲਜਿੰਦਰ ਸੇਖਾ ਆਪਣੇ ਕਲਾਮਈ ਕਾਰਜਾਂ ਕਰ ਕੇ ਪੂਰੀ ਕੈਨੇਡਾ ਵਿਚ ਛਾਇਆ ਹੋਇਆ ਹੈ ਤੇ ਮੈਨੂੰ ਆਪਣੇ ਪੁਰਾਣੇ ਆੜੀ ਤੇ ਉਤੇ ਮਾਣ ਮਹਿਸੂਸ ਹੁੰਦੈ। ਆਓ ਹੁਣ ਉਹਦੇ ਕੀਤੇ ਸਮਾਜਿਕ,ਸਭਿਆਚਾਰਕ ਤੇ ਕਲਾਮਈ ਕਾਰਜਾਂ ਉਤੇ ਪੰਛੀ ਝਾਤ ਪਾਈਏ।
ਬਲਜਿੰਦਰ ਸਿੰਘ ਸੇਖਾ ਦਾ ਜਨਮ ਸ:ਗੁਰਦੇਵ ਸਿੰਘ ਸਰਾਂ ਦੇ ਘਰ ਮਾਤਾ ਸਵ.ਚਰਨਜੀਤ ਕੌਰ ਦੀ ਕੁੱਖੋਂ ਜਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਵਿੱਚ ਹੋਇਆ। ਬਲਜਿੰਦਰ ਸੇਖਾ ਬੁਹਪੱਖੀ ਸਖਸ਼ੀਅਤ ਦਾ ਮਾਲਿਕ ਹੈ। ਹੁਣ ਵੀ ਆਏ ਦਿਨ ਕੋਈ ਨਾ ਕੋਈ ਵਿਲੱਖਣ ਚੀਜ ਆਪਣਾ ਚਾਹੁੰਣ ਵਾਲਿਆ ਲਈ ਜਰੂਰ ਲੈ ਕੇ ਆਉਂਦਾ ਹੈ। ਪੜ੍ਹਾਈ ਦੇ ਸਫਰ ਦੋਰਾਨ ਹੀ ਇਹ ਗਾਇਕ ਰਾਜ ਬਰਾੜ ਦਾ ਬਹੁਤ ਕਰੀਬੀ ਦੋਸਤ ਬਣ ਗਿਆ ਸੀ।ਰਾਜ ਬਰਾੜ ਨੇ ਓਹਨਾ ਦੀ ਪਲੇਠੀ ਕਾਮੇਡੀ ਕੈਸਟ ( ਛਿੱਤਰੋ ਛਿੱਤਰੀ) ਦਾ ਕੰਮ ਬਿਨਾ ਕਿਸੇ ਸਵਾਰਥ ਦੇ, ਆਪਣੀ ਦੇਖ ਰੇਖ ਵਿੱਚ ਕੀਤਾ ਸੀ।
ਪੰਜਾਬ ਵਿੱਚ ਰਹਿੰਦਿਆਂ ਵਿਆਹਾਂ ਤੇ ਕਦੇ ਮੇਲਿਆ ‘ਤੇ ਆਪ ਨੇ ਵੱਖ-ਵੱਖ ਕਲਾਕਾਰਾਂ ਨਾਲ ਕੰਮ ਕਰਕੇ ਆਪਣੀਆਂ ਫੀਸਾਂ ਅਤੇ ਖਰਚੇ ਪੂਰੇ ਕੀਤੇ ਪਰ ਕੋਈ ਵੀ ਮਜਬੂਰੀ ਬਲਜਿੰਦਰ ਸੇਖਾ ਨੂੰ ਆਪਣੀ ਮੰਜਿਲ ਵੱਲ ਜਾਣ ਤੋ ਨਹੀ ਰੋਕ ਸਕੀ।
13 ਅਪ੍ਰੈਲ 2013 ਨੂੰ ਸਿੱਖ ਹੇਰੀਟੇਜ ਮੰਥ ਨੂੰ ਉਨਟਾਰੀਓ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ । ਇਸ ਮੌਕੇ ‘ਤੇ ਆਪ ਵੱਲੋਂ ਦੁਨੀਆਂ ਦਾ ਸਿੱਖ ਹੈਰੀਟੇਜ ਬਟਨ ਤਿਆਰ ਕਰਕੇ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਗਿਆ, ਕਨੇਡਾ ਦੀ ਪਾਰਲੀਮੈਂਟ ਵਿੱਚ ਵਿਸਾਖੀ ਦੇ ਮੌਕੇ ਕਨੇਡਾ ਦੇ ਮੈਂਬਰ ਪਾਰਲੀਮੈਂਟਾਂ ਦੇ ਕੋਟ ਦੇ ਕਾਲਰ ਦਾ ਸ਼ਿੰਗਾਰ ਬਣਿਆ, ਜਿਸ ਦੇ ਡਿਜਾਇਨ ਦੀ ਕਨੇਡਾ ਅਮਰੀਕਾ ਅਤੇ ਸਾਰੀ ਦੁਨੀਆ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਜਾਇਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਆਪ ਨੇ ਗਦਰੀ ਬਾਬਿਆਂ ਦੇ ਮੇਲੇ ਤੇ ਪ੍ਰੋ.ਮੋਹਨ ਸਿੰਘ ਫਾਊਡਰੇਸਨ ਦੇ ਸਾਹਿਬ ਥਿੰਦ ਨਾਲ ਮਿਲਕੇ ਕਾਮਾਗਾਟਾ ਮਾਰੂ ਤ੍ਰਾਸਦੀ ਦਾ ਚਿੱਤਰ ਤਿਆਰ ਕਰਕੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭੇਟ ਕੀਤਾ ਕੀਤਾ । ਆਪ ਦੇ ਦੁਆਰਾ 2018 ਨੂੰ ਕਨੇਡਾ ਡੇਅ ਮੌਕੇ ਤੇ ਕਨੇਡਾ ਪੋਸਟ ਦੇ ਰਾਹੀਂ ਡਾਕ ਟਿਕਟ ਤਿਆਰ ਕੀਤੀ ਗਈ । ਕਨੇਡਾ ਡੇਅ ਤੇ 2017 ਨੂੰ ਗੋ ਕਨੇਡਾ (GO CANADA ) ਗੀਤ ਗਾ ਕੇ ਸਾਰੀ ਦੁਨੀਆ ਵਿੱਚ ਬੱਲੇ ਬੱਲੇ ਕਰਵਾਈ। ਇਸ ਗੀਤ ਨੂੰ ਰਿਕਾਰਡ ਤੋੜ ਸਫਲਤਾ ਪ੍ਰਾਪਤ ਹੋਈ , ਇੰਡੀਆ ਅਤੇ ਕਨੇਡਾ ਦੇ ਵੱਖ-ਵੱਖ ਇੰਗਲਿਸ਼ ਨਿਊਜ ਚੈਨਲਾਂ ਨੇ ਲਗਾਤਾਰ ਦਿਖਾਇਆ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ।
11 ਨਵੰਬਰ 2018 ਨੂੰ 100ਵੇਂ ਰੈਮੈਮਬਰਸ ਡੇਅ ‘ਤੇ ਸੰਸਾਰ ਯੁੱਧ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਵਧੀਆ ਚਿੱਤਰ ਪੰਜਾਬੀ ਵਿੱਚ ਤਿਆਰ ਕੀਤਾ। ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ‘ਤੇ ਕਮਾਲ ਦਾ ਚਿੱਤਰ ਡਿਜਾਇਨ ਕੀਤਾ। 2019 ਵਿਚ ਕਨੇਡਾ ਡੇਅ ‘ਤੇ ਆਪ ਨੇ ਕਨੇਡਾ ਦਾ ਝੰਡਾ ਮੋਤੀਆਂ ਨਾਲ ਤਿਆਰ ਕੀਤਾ। ਬਰੈਮਪਟਨ ਸਿਟੀ ਵੱਲੋਂ ਆਪ ਨੂੰ ਬੈੱਸਟ ਸਿਟੀਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਲਜਿੰਦਰ ਸੇਖਾ ਨੇ ਗਾਇਕੀ ਦੇ ਖੇਤਰ ਵਿੱਚ ਵੀ ਪ੍ਰਸੰਸਾ ਯੋਗ ਮੱਲਾਂ ਮਾਰੀਆਂ ਅਤੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਖਾਨ ਜਿੰਨਾ ਦੀ ਸ਼ਾਇਰੀ ਪੜ੍ਹਣੀ ਸੁਖਾਲੀ ਅਤੇ ਗਾਉਣੀ ਬੜੀ ਔਖੀ ਹੈ (ਵਤਨ ਦੀਆਂ ਤਾਂਘਾਂ ਅਤੇ ਮੇਰੇ ਦਸ਼ਮੇਸ਼ ਗੁਰੂ ) ਅਤੇ ਸੰਤ ਰਾਮ ਉਦਾਸੀ ਦੀ ਕਵਿਤਾ (ਚਮਕੌਰ ਦੀ ਗੜੀ ਦੇ ਦ੍ਰਿਸਟਾਂਤ ਨੂੰ ਸਿੰਘਾ ਦਾ ਜੇਰਾ) ਗੀਤ ਵਿੱਚ ਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਗੋ ਕਨੇਡਾ ( GO CANADA )ਅਤੇ ਹੈਪੀ ਨਿਊ ਇਅਰ (HAPPY NEW YEAR ) ,ਮਾਂ ਗੀਤ ਕੈਰੀਅਰ ਦੇ ਸੁਨਹਿਰੀ ਗੀਤ ਹਨ । ਸੰਗੀਤਕਾਰ ਦਿਲਖੁਸ ਥਿੰਦ ,ਰਣਜੀਤ ਸਿੰਘ ਬਰਨਾਲਾ ਨੇ ਸੰਗੀਤ ਵਿੱਚ ਆਪ ਦਾ ਸਾਥ ਦਿੱਤਾ ਹੈ।ਬਲਜਿੰਦਰ ਨੇ ਜਿੰਦਗੀ ਦੇ ਵੱਖ-ਵੱਖ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਹੈ। ਖੂਨਦਾਨੀ ਬਲਜਿੰਦਰ ਸੇਖਾ ਨੇ ਆਪਣੀ ਸਵ.ਮਾਤਾ ਚਰਨਜੀਤ ਕੌਰ ਜੀ ਦੀਆ ਅੱਖਾਂ ਦਾਨ ਕਰਕੇ ਸਲਾਘਾ ਯੋਗ ਕੰਮ ਕੀਤਾ । ਜਿਸ ਨਾਲ ਦੋ ਲੋੜਵੰਦਾ ਨੂੰ ਦਿਸਣ ਲੱਗਿਆ ਤੇ ਕਨੇਡਾ ਆਈ ਬੈਂਕ ਨੇ ਪ੍ਰਸੰਸਾ ਪੱਤਰ ਭੇਟ ਕੀਤਾ । ਇਸਦੇ ਕੰਮਾਂ ਲਈ ਯੂ ਐਨ ਓ ਨੇ ਵੀ ਪ੍ਰਸੰਸਾ ਪੱਤਰ ਭੇਟ ਕੀਤਾ ਹੈ।ਹੁਣ ਕਰੋਨਾਵਾਈਰਸ ਦੇ ਸਮੇ ਲੋਕਾਂ ਨੂੰ ਮੁਫ਼ਤ ਖਾਣਾ ਤੋ ਰਾਈਡ ਤੋ ਮੁਹੱਈਆ ਕਰਵਾਉਣ ਤੋ ਇਲਾਵਾ ਸਾਰੀਆਂ ਸੰਸਥਾਵਾਂ ਨਾਲ ਮਿਲਕੇ ਵਾਲੰਟੀਅਰ ਕੰਮ ਕੀਤਾ ।ਇਸਤੋ ਇਲਾਵਾ ਸਰਕਾਰਾਂ ਵੱਲੋਂ ਜਾਰੀ ਸੂਚਨਾਵਾਂ ਨੂੰ ਅੰਗਰੇਜ਼ੀ ਤੋ ਪੰਜਾਬੀ ਵਿੱਚ ਅਨੁਵਾਦ ਕਰਕੇ ਅਖ਼ਬਾਰਾਂ , ਰੇਡੀਓ , ਟੈਲੀਵੀਜ਼ਨ ਤੇ ਸਾਂਝਾ ਕਰਨ ਦਾ ਵਾਲੰਟੀਅਰ ਦੇ ਤੌਰ ਤੇ ਕੰਮ ਕੀਤਾ
ਮੈਨੂੰ ਆਪਣੇ ਦੋਸਤ ਤੇ ਪੰਜਾਬ ਦੇ ਪੁੱਤਰ ਤੇ ਮਾਣ ਹੈ।
ਇਹ ਇੱਥੇ ਹੀ ਰੁਕਣ ਵਾਲਾ ਜਾਂ ਹਾਰ ਹੰਭ ਕੇ ਬੈਠਣ ਵਾਲਾ ਨਹੀਂ। ਲੰਮੀ ਰੇਸ ਦਾ ਘੋੜਾ ਹੈ ਮੇਰਾ ਮਿੱਤਰ!

ਨਿੰਦਰ ਘੁਗਿਆਣਵੀ
9417421700