ਫਿਲੌਰ, 23 ਜਨਵਰੀ

ਇੱਥੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਅਤੇ ਨਸ਼ਾ ਵਿਰੋਧੀ ਫਰੰਟ ਤਹਿਸੀਲ ਫਿਲੌਰ ਵਲੋਂ ਸਰਕਾਰ ਅਤੇ ਪੁਲੀਸ ਨੂੰ ਜਗਾਉਣ ਹਿਤ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਿਛਲੇ ਸੱਤ ਅੱਠ ਸਾਲ ਤੋਂ ਨਸ਼ੇ ਨੇ ਨੌਜਵਾਨਾਂ ਦਾ ਘਾਣ ਕੀਤਾ ਹੋਇਆ ਹੈ, ਜਿਸ ਦਾ ਹੱਲ ਕਰਨ ਲਈ ਨਾ ਹੀ ਕੋਈ ਸਰਕਾਰ ਸੰਜੀਦਾ ਹੈ ਤੇ ਨਾ ਹੀ ਪੁਲੀਸ। ਆਗੂਆਂ ਨੇ ਕਿਹਾ ਪੁਲੀਸ ਦਾ ਰੋਲ ਬਹੁਤ ਹੀ ਨਕਾਰਾਤਮਿਕ ਦਿਖਾਈ ਦੇ ਰਿਹਾ ਹੈ। ਪੁਲੀਸ ਦੀ ਸ਼ਹਿ ਅਤੇ ਰਾਜ ਕਰਦੀ ਧਿਰ ਦੇ ਆਸ਼ੀਰਵਾਦ ਨਾਲ ਨਸ਼ੇ ਦੀ ਵਿਕਰੀ ਜਾਰੀ ਹੈ। ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕਤੱਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਭਰ ਨਸ਼ੇ ਵਿਕ ਰਹੇ ਹਨ ਤੇ ਲੁੱਟਾਂ ਖੋਹਾ ਤੇ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀਆਂ ਵਲੋਂ ਜਲਦ ਹੀ ਵੱਡਾ ਐਕਸ਼ਨ ਐਲਾਨਿਆ ਜਾਵੇਗਾ।