ਮੁੰਬਈ:ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਫ਼ਿਲਮ ‘ਕੋਡ ਨੇਮ ਤਿਰੰਗਾ’ ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਰਾਹੀਂ ਇੱਕ ਬਿਲਕੁਲ ਵੱਖਰੇ ਰੂਪ ਵਿੱਚ ਹਾਜ਼ਰ ਹੋਵੇਗੀ। ‘ਸੰਦੀਪ ਔਰ ਪਿੰਕੀ ਫ਼ਰਾਰ’, ‘ਸਾਈਨਾ’ ਤੇ ‘ਦਿ ਗਰਲ ਔਨ ਦਿ ਟ੍ਰੇਨ’ ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੀ ਵਾਹ-ਵਾਹ ਖੱਟਣ ਵਾਲੀ ਅਦਾਕਾਰਾ ਨੇ ਆਖਿਆ, ‘ਮੈਂ ਆਪਣਾ ਇੱਕ ਹੋਰ ਨਵਾਂ ਤੇ ਵੱਖਰਾ ਰੂਪ ਲੈ ਕੇ ਦਰਸ਼ਕਾਂ ਸਾਹਮਣੇ ਹਾਜ਼ਰ ਹਾਂ। ਮੇਰਾ ਇਹ ਰੂਪ ਅੱਜ ਤੱਕ ਕਿਸੇ ਨੇ ਵੀ ਨਹੀਂ ਵੇਖਿਆ ਹੋਵੇਗਾ। ਇਹ ਮੇਰਾ ਖ਼ੁਦ ਨੂੰ ਵੱਖਰਾ ਅਤੇ ਹੋਰ ਚੁਣੌਤੀਪੂਰਨ ਕੰਮ ਕਰਨ ਲਈ ਪ੍ਰੇਰਨ ਦਾ ਇਕ ਤਰੀਕਾ ਹੈ ਤਾਂ ਜੋ ਮੈਂ ਹਰ ਵਾਰ ਦਰਸ਼ਕਾਂ ਸਾਹਮਣੇ ਕੁਝ ਵੱਖਰਾ ਪੇਸ਼ ਕਰ ਸਕਾਂ।’ ਪਰਿਨੀਤੀ ਨੇ ਕਿਹਾ, ‘ਫ਼ਿਲਮ ਦੇ ਪੋਸਟਰ ਵਿੱਚ ਮੇਰੇ ਹੱਥ ਵਿੱਚ ਫੜੀ ਹੋਈ ਬੰਦੂਕ ਮੇਰੇ ਕਿਰਦਾਰ ਦਾ ਇੱਕ ਹਿੱਸਾ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਅਸੀਂ ਇਸ ਫ਼ਿਲਮ ਰਾਹੀਂ ਦਰਸ਼ਕਾਂ ਦੇ ਹੋਸ਼ ਉਡਾ ਦਿਆਂਗੇ।’ ਇਸ ਫ਼ਿਲਮ ਵਿੱਚ ਪਰਿਨੀਤੀ ਇੱਕ ਰਾਅ ਏਜੰਟ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਆਪਣੇ ਦੇਸ਼ ਦੀ ਰਾਖੀ ਲਈ ਜੋਖਮ ਭਰੇ ਮਿਸ਼ਨ ’ਤੇ ਕੰਮ ਕਰ ਰਹੀ ਹੈ। ਫ਼ਿਲਮ ਵਿੱਚ ਪਰਿਨੀਤੀ ਨਾਲ ਗਾਇਕ ਹਾਰਡੀ ਸੰਧੂ ਵੀ ਦਿਖਾਈ ਦੇਵੇਗਾ।